ਸ਼ਤਰੰਜ ਓਲੰਪੀਆਡ: ਓਪਨ ਵਰਗ 'ਚ ਭਾਰਤ 'ਬੀ' ਟੀਮ ਨੂੰ ਕਾਂਸੀ ਤਮਗਾ

Tuesday, Aug 09, 2022 - 07:12 PM (IST)

ਸ਼ਤਰੰਜ ਓਲੰਪੀਆਡ: ਓਪਨ ਵਰਗ 'ਚ ਭਾਰਤ 'ਬੀ' ਟੀਮ ਨੂੰ ਕਾਂਸੀ ਤਮਗਾ

ਮਮੱਲਾਪੁਰਮ (ਏਜੰਸੀ)- ਭਾਰਤ 'ਬੀ' ਟੀਮ ਨੇ ਮੰਗਲਵਾਰ ਨੂੰ ਇੱਥੇ 44ਵੇਂ ਸ਼ਤਰੰਜ ਓਲੰਪੀਆਡ ਦੇ ਓਪਨ ਵਰਗ 'ਚ ਕਾਂਸੀ ਦਾ ਤਮਗਾ ਜਿੱਤਿਆ, ਜਦਕਿ ਭਾਰਤ 'ਏ' ਟੀਮ ਵੀ ਮਹਿਲਾ ਵਰਗ 'ਚ ਤੀਜੇ ਸਥਾਨ 'ਤੇ ਰਹੀ | ਭਾਰਤ ‘ਬੀ’ ਨੇ ਆਪਣੇ ਫਾਈਨਲ ਮੈਚ ਵਿੱਚ ਜਰਮਨੀ ਨੂੰ 3-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਓਪਨ ਵਰਗ ਵਿੱਚ ਉਜ਼ਬੇਕਿਸਤਾਨ ਨੇ ਆਪਣੇ ਫਾਈਨਲ ਮੈਚ ਵਿੱਚ ਨੀਦਰਲੈਂਡ ਨੂੰ 2.5-1.5 ਨਾਲ ਹਰਾ ਕੇ ਸੋਨ ਤਮਗਾ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਮਜ਼ਬੂਤ ​​ਅਰਮੀਨੀਆ ਦੀ ਟੀਮ ਓਪਨ ਵਰਗ ਵਿੱਚ ਦੂਜੇ ਸਥਾਨ ’ਤੇ ਰਹੀ। ਟੀਮ ਨੇ ਆਪਣੇ ਅੰਤਿਮ ਦੌਰ ਦੇ ਮੈਚ ਵਿੱਚ ਸਪੇਨ ਨੂੰ 2.5-1.5 ਨਾਲ ਹਰਾਇਆ। ਮਹਿਲਾ ਵਰਗ 'ਚ ਚੋਟੀ ਦਾ ਦਰਜਾ ਪ੍ਰਾਪਤ ਭਾਰਤ 'ਏ' ਨੂੰ 11ਵੇਂ ਅਤੇ ਅੰਤਿਮ ਦੌਰ 'ਚ ਅਮਰੀਕਾ ਖ਼ਿਲਾਫ਼ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਸ ਦੀਆਂ ਸੋਨ ਤਮਗੇ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਕੋਨੇਰੂ ਹੰਪੀ ਦੀ ਅਗਵਾਈ ਵਾਲੀ ਟੀਮ ਤੀਜੇ ਸਥਾਨ 'ਤੇ ਰਹੀ। ਯੁੱਧ ਤੋਂ ਪ੍ਰਭਾਵਿਤ ਯੂਕ੍ਰੇਨ ਦੀ ਟੀਮ ਨੇ ਮਹਿਲਾ ਵਰਗ ਵਿੱਚ ਸੋਨ ਤਮਗਾ ਜਿੱਤਿਆ। ਉਸ ਨੇ ਸਿਖਰਲੇ ਸਥਾਨ ਦੀ ਦੌੜ ਵਿੱਚ ਜਾਰਜੀਆ ਨੂੰ ਪਛਾੜ ਦਿੱਤਾ। ਉਜ਼ਬੇਕਿਸਤਾਨ ਨੇ ਚੋਥੇ ਬੋਰਡ 'ਤੇ ਜ਼ੇਖੋਂਗੀਰ ਵਾਖਿਦੋਵ ਦੀ ਜਿੱਤ ਦੀ ਬਦੌਲਤ ਨੀਦਰਲੈਂਡ ਨੂੰ ਹਰਾਇਆ। ਟੀਮ ਨੇ ਬਿਹਤਰ ਟਾਈਬ੍ਰੇਕ ਸਕੋਰ ਦੇ ਆਧਾਰ 'ਤੇ ਅਰਮੇਨੀਆ ਨੂੰ ਹਰਾ ਕੇ ਖਿਤਾਬ ਜਿੱਤਿਆ। ਉਜ਼ਬੇਕਿਸਤਾਨ ਦੀ ਟੀਮ ਮੁਕਾਬਲੇ ਦੇ 11 ਗੇੜਾਂ ਵਿੱਚ ਅਜੇਤੂ ਰਹੀ ਅਤੇ ਉਸ ਨੇ 19 ਅੰਕ ਬਣਾਏ। ਭਾਰਤ 'ਬੀ' ਟੀਮ 18 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ।

ਓਲੰਪੀਆਡ 'ਚ ਭਾਰਤ ਦਾ ਇਹ ਦੂਜਾ ਕਾਂਸੀ ਦਾ ਤਮਗਾ ਹੈ। ਟੀਮ ਨੇ 2014 ਦੇ ਆਪਣੇ ਪ੍ਰਦਰਸ਼ਨ ਨੂੰ ਦੁਹਰਾਇਆ। ਸਾਲ 2014 ਵਿੱਚ ਵੀ ਟੀਮ ਦਾ ਹਿੱਸਾ ਰਹੇ ਅਨੁਭਵੀ ਬੀ ਅਧੀਬਾਨ ਨੇ ਇੱਕ ਹੋਰ ਤਮਗਾ ਜਿੱਤਿਆ, ਜਦੋਂ ਕਿ ਟੂਰਨਾਮੈਂਟ ਦੌਰਾਨ ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਨੌਜਵਾਨ ਸਟਾਰ ਡੀ ਗੁਕੇਸ਼, ਆਰ ਪ੍ਰਗਿਆਨਾਨੰਦ, ਨਿਹਾਲ ਸਰੀਨ ਅਤੇ ਰੌਨਕ ਸਧਵਾਨੀ ਨੇ ਆਪਣਾ ਪਹਿਲਾ ਤਮਗਾ ਜਿੱਤਿਆ। ਮਹਿਲਾ ਵਰਗ ਵਿੱਚ ਚੋਟੀ ਦੀਆਂ ਖਿਡਾਰਨਾਂ ਕੋਨੇਰੂ ਹੰਪੀ ਅਤੇ ਆਰ ਵੈਸ਼ਾਲੀ ਨੇ ਕ੍ਰਮਵਾਰ ਗੁਲਰੁਖਬਾ ਤੋਖਿਜ਼ੋਨੋਵਾ ਅਤੇ ਇਰੀਨਾ ਕਰੂਸ਼ ਨਾਲ ਅੰਕ ਸਾਂਝੇ ਕੀਤੇ। ਤਾਨੀਆ ਸਚਦੇਵ ਨੇ ਹਾਲਾਂਕਿ ਕਰੀਸਾ ਯਿੱਪ, ਜਦੋਂਕਿ ਭਗਤੀ ਕੁਲਕਰਨੀ ਨੂੰ ਤਾਤੇਵ ਅਬਰਾਹਮਯਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਭਾਰਤ 'ਏ' ਦਾ ਸੋਨ ਤਮਗਾ ਜਿੱਤਣ ਦਾ ਸੁਫ਼ਨਾ ਟੁੱਟ ਗਿਆ।


author

cherry

Content Editor

Related News