ਸ਼ਤਰੰਜ : ਕਾਰਲਸਨ ਤੇ ਕਾਰੂਆਨਾ ਵਿਚਾਲੇ ਹੋਵੇਗਾ ਫਾਈਨਲ

Sunday, Jun 14, 2020 - 09:21 PM (IST)

ਸੇਂਟ ਲੁਈਸ (ਅਮਰੀਕਾ) (ਨਿਕਲੇਸ਼ ਜੈਨ)- 2,50,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਕਲਚ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਇਕ ਵਾਰ ਫਿਰ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਰਗਾ ਨਜ਼ਰਾ ਹੋਵੇਗਾ ਜਦੋਂ ਨਾਰਵੇ ਦੇ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਦੇ ਸਾਹਮਣੇ ਉਸਦੇ ਵਿਸ਼ਵ ਚੈਂਪੀਅਨਸ਼ਿਪ ਖੇਡਣ ਵਾਲੇ ਵਿਰੋਧੀ ਦੇ ਤੌਰ 'ਤੇ ਅਮਰੀਕਾ ਦਾ ਵਿਸ਼ਵ ਨੰਬਰ-2 ਫਾਬਿਆਨੋ ਕਾਰੂਆਨਾ ਖੇਡਦਾ ਨਜ਼ਰ ਆਵੇਗਾ। ਵੱਡੀ ਗੱਲ ਇਹ ਹੈ ਕਿ ਸੈਮੀਫਾਈਨਲ ਦੇ ਪਹਿਲੇ ਦਿਨ ਤੋਂ ਬਾਅਦ ਜਿੱਥੇ ਇਕ ਪਾਸੇ ਕਾਰਲਸਨ ਦਾ ਫਾਈਨਲ ਵਿਚ ਪਹੁੰਚਣਾ ਤੈਅ ਮੰਨਿਆ ਜਾ ਰਿਹਾ ਸੀ ਤਾਂ ਕਾਰੂਆਨਾ ਲਈ ਇਹ ਸੰਭਵ ਨਹੀਂ ਦਿਸ ਰਿਹਾ ਸੀ।
ਮੈਗਨਸ ਕਾਰਲਸਨ ਨੇ ਦੂਜੇ ਦਿਨ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਅਰਮੀਨੀਆ ਦੇ ਲੇਵੋਨ ਆਰੋਨੀਅਨ ਵਿਰੁੱਧ ਬਚੇ ਹੋਏ 6 ਰੈਪਿਡ ਵਿਚੋਂ 2 ਜਿੱਤਾਂ ਦਰਜ ਕੀਤੀਆਂ ਜਦਕਿ 4 ਮੁਕਾਬਲੇ ਡਰਾਅ ਖੇਡੇ ਗਏ ਤੇ ਕੱਲ ਦੇ 6-2 ਦੇ ਸਕੋਰ ਨੂੰ ਬਿਹਤਰ ਕਰਦੇ ਹੋਏ 12-8 ਨਾਲ ਸੈਮੀਫਾਈਨਲ ਮੈਚ ਜਿੱਤ ਲਿਆ। ਉੱਥੇ ਹੀ ਕੱਲ ਤੱਕ 6-2 ਤੋਂ ਅੱਗੇ ਚੱਲ ਰਹੇ ਅਮਰੀਕਾ ਦੇ ਵੇਸਲੀ ਸੋ ਨੂੰ ਦੂਜੇ ਦਿਨ ਹਮਵਤਨ ਫਾਬਿਆਨੋ ਕਾਰੂਆਨਾ ਦੇ ਤੂਫਾਨ ਦਾ ਸਾਹਮਣਾ ਕਰਨਾ ਪਿਆ। ਕਾਰੂਆਨਾ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਆਖਰੀ 6 ਰੈਪਿਡ ਵਿਚੋਂ 4 ਜਿੱਤਾਂ, 1 ਹਾਰ ਤੇ 1 ਡਰਾਅ ਦੇ ਨਾਲ ਸਕੋਰ ਬੋਰਡ ਪਲਟ ਦਿੱਤਾ ਤੇ 9.5-8.5 ਨਾਲ ਜਿੱਤ ਕੇ ਫਾਈਨਲ ਵਿੱਚ ਪਹੁੰਚ ਗਿਆ। ਫਾਈਨਲ ਵਿਚ ਇਕ ਵਾਰ ਫਿਰ 10 ਮਿੰਟ ਪ੍ਰਤੀ ਖਿਡਾਰੀ ਦੇ ਕੁੱਲ 12 ਮੁਕਾਬਲੇ ਅਗਲੇ ਦੋ ਦਿਨਾਂ ਵਿਚ ਖੇਡੇ ਜਾਣਗੇ।


Gurdeep Singh

Content Editor

Related News