ਸ਼ਤਰੰਜ : ਭਾਰਤ ਦੀ ਕੋਨੇਰੂ ਹੰਪੀ ਤੇ ਹਰਿਕਾ ਦ੍ਰੋਣਾਵਲੀ ਕੁਆਰਟਰ ਫਾਈਨਲ ''ਚ
Friday, Jul 10, 2020 - 03:21 AM (IST)
ਮਾਸਕੋ (ਰੂਸ) (ਨਿਕਲੇਸ਼ ਜੈਨ)– ਫਿਡੇ ਮਹਿਲਾ ਸਪੀਡ ਸ਼ਤਰੰਜ ਚੈਂਪੀਅਨਸ਼ਿਪ ਦੀ ਤੀਜੀ ਗ੍ਰਾਂ. ਪ੍ਰੀ. ਦੇ ਮੁਕਾਬਲੇ 15 ਖਿਡਾਰੀਆਂ ਦੇ ਪਲੇਅ ਆਫ ਗੇੜ ਦੇ ਨਾਲ ਸ਼ੁਰੂ ਹੋ ਗਏ ਹਨ। ਕੁਲ 8 ਮੁਕਾਬਲੇ ਖੇਡੇ ਗਏ, ਜਿਹੜੇ ਇਕ ਤਰ੍ਹਾਂ ਦੇ ਕੁਆਰਟਰ ਫਾਈਨਲ ਮੁਕਾਬਲੇ ਸਨ। ਭਾਰਤ ਦੀਆਂ ਚੋਟੀ ਦੀਆਂ 3 ਖਿਡਾਰਨਾਂ ਅੱਜ ਇਕੱਠੇ ਇਸ ਵਿਚ ਹਿੱਸਾ ਲੈ ਰਹੀਆਂ ਸਨ, ਜਿਨ੍ਹਾਂ ਵਿਚ ਸਭ ਤੋਂ ਰੋਮਾਂਚਕ ਮੁਕਾਬਲਾ ਹੁਣ ਤਕ ਇਸ ਟੂਰਨਾਮੈਂਟ ਵਿਚ ਸ਼ਾਨਦਾਰ ਖੇਡ ਰਹੀ ਭਾਰਤ ਦੀ ਆਰ. ਵੈਸ਼ਾਲੀ ਤੇ ਭਾਰਤ ਦੀ ਮੌਜੂਦਾ ਵਿਸ਼ਵ ਰੈਪਿਡ ਚੈਂਪੀਅਨ ਕੋਨੇਰੂ ਹੰਪੀ ਵਿਚਾਲੇ ਸੀ। ਕਾਫੀ ਸਮੇਂ ਤੋਂ ਉਲਟਫੇਰ ਕਰ ਰਹੀ ਵੈਸ਼ਾਲੀ ਤਜਰਬੇਕਾਰ ਕੋਨੇਰੂ ਹੰਪੀ ਦੇ ਸਾਹਮਣੇ ਹਲਕੀ ਨਜ਼ਰ ਆਈ ਤੇ ਉਸ ਨੂੰ 7-3 ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸਦੇ ਨਾਲ ਹੀ ਹੰਪੀ ਹੁਣ ਕੁਆਰਟਰ ਫਾਈਨਲ ਵਿਚ ਪਹੁੰਚ ਗਈ ਹੈ।
ਭਾਰਤ ਦੀ ਹਰਿਕਾ ਦ੍ਰੋਣਾਵਲੀ ਨੇ ਬਿਹਤਰੀਨ ਖੇਡ ਦਿਖਾਉਂਦੇ ਹੋਏ ਅਰਮੀਨੀਆ ਦੀ ਤਾਟੇਵ ਅਬਰਹਮਯਨ ਦੇ ਉੱਪਰ ਬੇਹੱਦ ਵੱਡੇ ਫਰਕ ਨਾਲ ਰਾਊਂਡ ਦੀ ਸਭ ਤੋਂ ਵੱਡੀ ਤੇ ਇਕਪਾਸੜ ਜਿੱਤ ਹਾਸਲ ਕੀਤੀ। ਉਸ ਨੇ ਇਹ ਜਿੱਤ 11.5-2.5 ਦੇ ਫਰਕ ਨਾਲ ਹਾਸਲ ਕੀਤੀ ਤੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਹੋਰਨਾਂ ਨਤੀਜਿਆਂ ਵਿਚ ਰੂਸ ਦੀ ਲਾਗਨੋਂ ਕਾਟੇਰਯਨਾ ਨੇ 7.5-3.5 ਨਾਲ ਕਜ਼ਾਕਿਸਤਾਨ ਦੀ ਨੌਜਵਾਨ ਖਿਡਾਰੀ ਬਿਬਿਸਰਾ ਅਸਾਓਬਾਯੇਵਾ ਨੂੰ, ਵਿਸ਼ਵ ਨੰਬਰ-1 ਚੀਨ ਦੀ ਹਾਓ ਈਫਾਨ ਨੇ 11.3- ਨਾਲ ਮੰਗੋਲੀਆ ਦੀ ਮੁੰਕਜੁਲ ਤੁਰਮੁਖ ਨੂੰ, ਯੂਕ੍ਰੇਨ ਦੀ ਅੰਨਾ ਓਸ਼ੇਨਿਨਾ ਨੇ 9-4 ਨਾਲ ਪੇਰੂ ਦੀ ਦੇਸੀ ਕੋਰੀ ਨੂੰ, ਰੂਸ ਦੀ ਅਲੈਂਗਜ਼ੈਂਡਰਾਂ ਕੋਸਟੇਨਿਯੁਕ ਨੇ 7.5-3.5 ਨਾਲ ਹਮਵਤਨ ਗਿਰਯਾ ਓਲਗਾ ਨੂੰ ਤੇ ਈਰਾਨ ਦੀ ਸਾਰਾਸਾਦਤ ਨੇ ਅਮਰੀਕਾ ਦੇ ਇਰਿਨਾ ਕ੍ਰਿਸ਼ ਨੂੰ 7-6 ਦੇ ਫਰਕ ਨਾਲ ਹਰਾਇਆ। ਹੁਣ ਕੁਆਰਟਰ ਫਾਈਨਲ ਵਿਚ ਕੋਨੇਰੂ ਹੰਪੀ ਦੇ ਸਾਹਮਣੇ ਰੂਸ ਦੀ ਅਲੈਗਜ਼ੈਂਡਰਾ ਕੋਸਟੇਨਿਯੁਕ ਤੇ ਹਰਿਕਾ ਦ੍ਰੋਣਾਵਲੀ ਦੇ ਸਾਹਮਣੇ ਚੀਨ ਦੀ ਹਾਓ ਈਫਾਨ ਹੋਵੇਗੀ।