ਖੇਡ ਮੰਤਰੀ ਠਾਕੁਰ ਨੇ ਕੀਤੀ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਮੁਲਾਕਾਤ, ਬ੍ਰਿਜਭੂਸ਼ਣ ਖਿਲਾਫ 15 ਜੂਨ ਤਕ ਚਾਰਜਸ਼ੀਟ

Wednesday, Jun 07, 2023 - 09:31 PM (IST)

ਸਪੋਰਟਸ ਡੈਸਕ—  ਪਹਿਲਵਾਨਾਂ ਨਾਲ ਅੱਜ ਭਾਵ ਬੁੱਧਵਾਰ ਨੂੰ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੀਟਿੰਗ ਹੋਈ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡਬਲਯੂ. ਐੱਫ. ਆਈ. ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਚਾਰਜਸ਼ੀਟ 15 ਜੂਨ ਤੱਕ ਦਾਖਲ ਕਰ ਦਿੱਤੀ ਜਾਵੇਗੀ। ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਮੁਲਾਕਾਤ 'ਚ ਸਰਕਾਰ ਨੇ ਉਨ੍ਹਾਂ ਦੀ ਹਰ ਮੰਗ 'ਤੇ ਸਹਿਮਮਤੀ ਜਤਾਈ ਹੈ।

ਕਾਰਵਾਈ ਨਾ ਹੋਈ ਤਾਂ ਧਰਨਾ ਜਾਰੀ ਰਹੇਗਾ-ਪਹਿਲਵਾਨ

ਮੀਟਿੰਗ ਖ਼ਤਮ ਹੋਣ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ 15 ਜੂਨ ਤੋਂ ਪਹਿਲਾਂ ਪੁਲਸ ਜਾਂਚ ਪੂਰੀ ਕਰ ਲਈ ਜਾਵੇਗੀ। ਅਸੀਂ ਪਹਿਲਵਾਨਾਂ ਵਿਰੁੱਧ ਸਾਰੀਆਂ ਐਫ. ਆਈ. ਆਰ. ਵਾਪਸ ਲੈਣ ਦੀ ਬੇਨਤੀ ਕੀਤੀ ਹੈ ਅਤੇ ਉਹ ਇਸ ਲਈ ਸਹਿਮਤ ਹੋਏ ਹਨ। ਜੇਕਰ 15 ਜੂਨ ਤੱਕ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਆਪਣਾ ਧਰਨਾ ਜਾਰੀ ਰੱਖਾਂਗੇ।

ਇਹ ਵੀ ਪੜ੍ਹੋ : ਕਸ਼ਮੀਰੀ ਪੰਡਿਤ ਲੜਕੀਆਂ ਗੱਡ ਰਹੀਆਂ ਨੇ ਸਫਲਤਾ ਦੇ ਝੰਡੇ, ਖੋ-ਖੋ ਦੀ ਖਿਡਾਰਨ ਮਹਿਕ ਭਾਨ ਬਦਲਣਾ ਚਾਹੁੰਦੀ ਹੈ ਕੁੜੀਆਂ ਦੇ ਹਾਲਾਤ

ਲਗਭਗ ਛੇ ਘੰਟੇ ਤੋਂ ਵੱਧ ਚੱਲੀ ਮੀਟਿੰਗ ਤੋਂ ਬਾਅਦ, ਠਾਕੁਰ ਨੇ ਪੱਤਰਕਾਰਾਂ ਨੂੰ ਕਿਹਾ, “ਬਹੁਤ ਹੀ ਸੰਵੇਦਨਸ਼ੀਲ ਮੁੱਦੇ 'ਤੇ ਬਹੁਤ ਚੰਗੇ ਮਾਹੌਲ ਵਿੱਚ ਸਕਾਰਾਤਮਕ ਗੱਲਬਾਤ ਹੋਈ ਹੈ। ਕਰੀਬ ਛੇ ਘੰਟੇ ਤੱਕ ਚੱਲੀ ਇਸ ਮੀਟਿੰਗ ਵਿੱਚ ਜਿਨ੍ਹਾਂ ਮੁੱਦਿਆਂ ’ਤੇ ਚਰਚਾ ਹੋਈ, ਉਨ੍ਹਾਂ ਵਿੱਚ ਪਹਿਲਵਾਨਾਂ ਦੇ ਦੋਸ਼ਾਂ ਦੀ ਜਾਂਚ ਕਰਨ ਅਤੇ 15 ਜੂਨ ਤੱਕ ਚਾਰਜਸ਼ੀਟ ਦਾਖ਼ਲ ਕਰਨ ਦੀ ਮੰਗ ਵੀ ਸ਼ਾਮਲ ਸੀ। ਹਾਲਾਂਕਿ ਬ੍ਰਿਜਭੂਸ਼ਣ ਦੀ ਗ੍ਰਿਫਤਾਰੀ ਦੀ ਖਿਡਾਰੀਆਂ ਦੀ ਮੰਗ 'ਤੇ ਕਿਸੇ ਵੀ ਪੱਖ ਵਲੋਂ ਫਿਲਹਾਲ ਕੁਝ ਨਹੀਂ ਕਿਹਾ ਗਿਆ । ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ, ਉਸ ਦੇ ਪਤੀ ਸੱਤਿਆਵਰਤ ਕਾਦਿਆਨ ਅਤੇ ਬਜਰੰਗ ਪੂਨੀਆ, ਜੋ ਕਿ  ਇੱਕ ਨਾਬਾਲਗ ਸਮੇਤ ਸੱਤ ਮਹਿਲਾ ਪਹਿਲਵਾਨਾਂ ਦੇ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ 23 ਅਪ੍ਰੈਲ ਤੋਂ ਪ੍ਰਦਰਸ਼ਨ ਕਰ ਰਹੇ ਓਲੰਪਿਕ ਪਹਿਲਵਾਨ ਸਾਕਸ਼ੀ ਮਲਿਕ, ਉਨ੍ਹਾਂ ਦੇ ਪਤੀ ਸਤਿਆਵਰਤ ਕਾਦੀਆਨ ਤੇ ਬਜਰੰਗ ਪੂਨੀਆ ਨੇ ਖੇਡ ਮੰਤਰੀ ਠਾਕੁਰ ਦੇ ਸੱਦੇ 'ਤੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ।

ਸਾਰੇ ਫੈਸਲੇ ਆਪਸੀ ਸਹਿਮਤੀ ਨਾਲ ਲਏ ਗਏ - ਅਨੁਰਾਗ ਠਾਕੁਰ

ਠਾਕੁਰ ਨੇ ਕਿਹਾ, “ਮੀਟਿੰਗ ਵਿੱਚ ਸਾਰੇ ਫੈਸਲੇ ਆਪਸੀ ਸਹਿਮਤੀ ਨਾਲ ਲਏ ਗਏ ਸਨ। ਖਿਡਾਰੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਵਿੱਚ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀਆਂ ਚੋਣਾਂ 30 ਜੂਨ ਤੱਕ ਕਰਵਾਉਣ ਦੀ ਮੰਗ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਉਨ੍ਹਾਂ ਨਾਲ ਸਬੰਧਤ ਲੋਕਾਂ ਨੂੰ ਫੈਡਰੇਸ਼ਨ ਵਿੱਚ ਨਾ ਚੁਣੇ ਜਾਣ ਦੀ ਵੀ ਗੱਲ ਕਹੀ ਗਈ ਹੈ। ਠਾਕੁਰ ਨੇ ਅੱਗੇ ਕਿਹਾ, "ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਡਬਲਯੂ. ਐੱਫ. ਆਈ. ਦੀ ਅੰਤਰਿਮ ਸ਼ਿਕਾਇਤ ਕਮੇਟੀ ਬਣਾਈ ਜਾਵੇ ਤੇ ਉਸ ਦੀ ਪ੍ਰਧਾਨਗੀ ਕੋਈ ਮਹਿਲਾ ਕਰੇ।' ਉਨ੍ਹਾਂ ਕਿਹਾ, 'ਜਦੋਂ ਤੱਕ ਡਬਲਯੂ. ਐਫ. ਆਈ. ਦੀਆਂ ਚੋਣਾਂ ਨਹੀਂ ਹੋ ਜਾਂਦੀਆਂ, ਉਦੋਂ ਤੱਕ ਆਈ. ਓ. ਏ.  ਦੀ ਐਡ-ਹਾਕ ਕਮੇਟੀ ਵਿੱਚ ਦੋ ਕੋਚਾਂ ਦੇ ਨਾਂ ਪ੍ਰਸਤਾਵਿਤ ਕੀਤੇ ਗਏ ਹਨ ਤਾਂ ਜੋ ਤਕਨੀਕੀ ਦਿੱਕਤਾਂ ਪੈਦਾ ਨਾ ਹੋਣ।"

ਇਹ ਵੀ ਪੜ੍ਹੋ : WTC Final : ਭਾਰਤ-ਆਸਟ੍ਰੇਲੀਆ ਦਰਮਿਆਨ ਮੈਚ 'ਚ ਕਾਲੀ ਪੱਟੀ ਬੰਨ੍ਹ ਕੇ ਮੈਦਾਨ 'ਤੇ ਉਤਰੇ ਖਿਡਾਰੀ, ਜਾਣੋ ਵਜ੍ਹਾ

ਖਿਡਾਰੀਆਂ 'ਤੇ ਦਰਜ ਕੇਸ ਵਾਪਸ ਲਏ ਜਾਣ

ਖੇਡ ਮੰਤਰੀ ਨੇ ਕਿਹਾ, “ਖਿਡਾਰੀਆਂ ਦੀ ਇਹ ਵੀ ਮੰਗ ਸੀ ਕਿ ਮਹਿਲਾ ਖਿਡਾਰੀਆਂ ਜਾਂ ਹੋਰ ਖਿਡਾਰੀਆਂ ਨੂੰ ਲੋੜ ਅਨੁਸਾਰ ਸੁਰੱਖਿਆ ਮਿਲਣੀ ਚਾਹੀਦੀ ਹੈ। ਜਿਨ੍ਹਾਂ ਖਿਡਾਰੀਆਂ ਜਾਂ ਅਖਾੜਿਆਂ ਜਾਂ ਕੋਚਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਖ਼ਿਲਾਫ਼ ਕੇਸ ਵਾਪਸ ਲਏ ਜਾਣ। ਇਹ ਪਹਿਲਵਾਨ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ 23 ਅਪ੍ਰੈਲ ਤੋਂ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਸਨ। ਪਰ 28 ਮਈ ਨੂੰ, ਪਹਿਲਵਾਨਾਂ ਨੂੰ ਨਵੀਂ ਸੰਸਦ ਭਵਨ ਦੇ ਉਦਘਾਟਨ ਮੌਕੇ ਮਹਿਲਾ ਮਹਾਪੰਚਾਇਤ ਦਾ ਆਯੋਜਨ ਕਰਨ ਲਈ ਉਥੇ ਮਾਰਚ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ, ਕਾਨੂੰਨ ਅਤੇ ਵਿਵਸਥਾ ਨੂੰ ਵਿਗਾੜਨ ਦੇ ਦੋਸ਼ ਵਿੱਚ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।

ਸ਼ਾਮ ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਜੰਤਰ-ਮੰਤਰ ਨੂੰ ਖਾਲੀ ਕਰਨ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਉਨ੍ਹਾਂ ਨੂੰ ਉੱਥੇ ਦੁਬਾਰਾ ਧਰਨਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਹ ਪਹਿਲਵਾਨ 30 ਮਈ ਨੂੰ ਆਪਣੇ ਤਗਮੇ ਗੰਗਾ ਵਿੱਚ ਵਹਾਉਣ ਲਈ ਹਰਿਦੁਆਰ ਗਏ ਸਨ ਪਰ ਕਿਸਾਨਾਂ ਅਤੇ ਖਾਪ ਆਗੂਆਂ ਦੇ ਮਨਾਉਣ ਤੋਂ ਬਾਅਦ ਉਹ ਤਗਮੇ ਵਹਾਏ ਬਿਨਾਂ ਹੀ ਵਾਪਸ ਪਰਤ ਗਏ। ਪਿਛਲੇ ਪੰਜ ਦਿਨਾਂ ਵਿੱਚ ਸਰਕਾਰ ਅਤੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਵਿਚਾਲੇ ਇਹ ਦੂਜੀ ਮੀਟਿੰਗ ਸੀ। ਇਸ ਤੋਂ ਪਹਿਲਾਂ ਪਹਿਲਵਾਨਾਂ ਨੇ ਸ਼ਨੀਵਾਰ ਰਾਤ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਰੱਖੀਆਂ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News