ਚੈਂਪੀਅਨਜ਼ ਲੀਗ-ਡਾਰਟਮੁੰਡ ਦੀ 7-1 ਨਾਲ ਵੱਡੀ ਜਿੱਤ, ਬਾਰਸੀਲੋਨਾ, ਮਾਨਚੈਸਟਰ ਸਿਟੀ ਤੇ ਆਰਸਨੈੱਲ ਵੀ ਜਿੱਤੇ

Thursday, Oct 03, 2024 - 12:59 PM (IST)

ਚੈਂਪੀਅਨਜ਼ ਲੀਗ-ਡਾਰਟਮੁੰਡ ਦੀ 7-1 ਨਾਲ ਵੱਡੀ ਜਿੱਤ, ਬਾਰਸੀਲੋਨਾ, ਮਾਨਚੈਸਟਰ ਸਿਟੀ ਤੇ ਆਰਸਨੈੱਲ ਵੀ ਜਿੱਤੇ

ਲੰਡਨ– ਕਰੀਮ ਓਡੇਮੀ ਦੀ ਪਹਿਲੇ ਹਾਫ ਵਿਚ ਕੀਤੀ ਗਈ ਹੈਟ੍ਰਿਕ ਦੇ ਦਮ ’ਤੇ ਬੋਰੂਸੀਆ ਡਾਰਟਮੁੰਡ ਨੇ ਸੇਲਟਿਕ ਨੂੰ ਘਰੇਲੂ ਮੈਦਾਨ ’ਤੇ 7-1 ਦੇ ਵੱਡੇ ਫਰਕ ਨਾਲ ਹਰਾਇਆ ਜਦਕਿ ਬਾਰਸੀਲੋਨਾ ਤੇ ਮਾਨਚੈਸਟਰ ਸਿਟੀ ਨੇ ਵੀ ਯੂਏਫਾ ਚੈਂਪੀਅਨਜ਼ ਲੀਗ ਫੁੱਟਬਾਲ ਪ੍ਰਤੀਯੋਗਿਤਾ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਡਾਰਟਮੁੰਡ ਦੀ ਜਿੱਤ ਇਸ ਪ੍ਰਤੀਯੋਗਿਤਾ ਵਿਚ ਜਰਮਨੀ ਦੀ ਕਿਸੇ ਟੀਮ ਦੀ ਦੂਜੀ ਵੱਡੀ ਜਿੱਤ ਹੈ।

ਇਸ ਤੋਂ ਪਹਿਲਾਂ ਬਾਇਰਨ ਮਿਊਨਿਖ ਨੇ ਦਿਨਾਮੋ ਜਾਗ੍ਰੇਬ ਨੂੰ 9-2 ਨਾਲ ਹਰਾ ਦਿੱਤਾ ਸੀ। ਬਾਰਸੀਲੋਨਾ ਲਈ ਰਾਬਰਟੋ ਲੇਵਾਂਡੋਵਸਕੀ ਨੇ 2 ਗੋਲ ਕੀਤੇ, ਜਿਸ ਨਾਲ ਟੀਮ ਨੇ ਯੰਗ ਬੋਆਏਜ਼ ’ਤੇ 5-0 ਨਾਲ ਆਸਾਨ ਜਿੱਤ ਹਾਸਲ ਕੀਤੀ। ਮਾਨਚੈਸਟਰ ਸਿਟੀ ਨੇ ਸਲੋਵਨ ਬ੍ਰਾਤਿਸਲਾਵਾ ਨੂੰ 4-0 ਨਾਲ ਹਰਾਇਆ। ਮਾਨਚੈਸਟਰ ਸਿਟੀ ਨੂੰ ਆਪਣੇ ਸ਼ੁਰੂਆਤੀ ਮੈਚ ਵਿਚ ਇੰਟਰ ਮਿਲਾਨ ਹੱਥੋਂ 0-0 ਨਾਲ ਡਰਾਅ ਨਾਲ ਸਬਰ ਕਰਨਾ ਪਿਆ ਸੀ ਤੇ ਬਾਰਸੀਲੋਨਾ ਨੂੰ ਮੋਨਾਕੋ ਹੱਥੋਂ 2-1 ਨਾਲ ਹਾਰ ਮਿਲੀ ਸੀ।

ਹੋਰ ਮੁਕਾਬਲਿਆਂ ਵਿਚ ਆਰਸਨੈੱਲ ਨੇ ਪੈਰਿਸ ਸੇਂਟ ਜਰਮਨ ਨੂੰ 2-0 ਨਾਲ ਹਰਾਇਆ। ਇੰਟਰ ਮਿਲਾਨ ਨੇ ਰੈੱਡ ਸਟਾਰ ਬੇਲਗ੍ਰੇਡ ਨੂੰ 4-0 ਨਾਲ ਤੇ ਟੂਰਨਾਮੈਂਟ ਵਿਚ ਡੈਬਿਊ ਕਰਨ ਵਾਲੇ ਬ੍ਰੇਸਟ ਨੇ ਵੀ ਸਾਲਜਬਰਗ ਨੂੰ ਇੰਨੇ ਹੀ ਸਕੋਰ ਨਾਲ ਹਰਾਇਆ। ਇਸ ਤੋਂ ਇਲਾਵਾ ਬੇਅਰ ਲੀਵਰਕੁਸੇਨ ਨੇ ਜਰਮਨੀ ਵਿਚ ਏ. ਸੀ. ਮਿਲਾਨ ਨੂੰ 1-0 ਨਾਲ ਹਰਾਇਆ ਜਦਕਿ ਸਪੋਰਟਿੰਗ ਲਿਸਬਨ ਨੇ ਪੀ. ਐੱਸ. ਵੀ. ਆਈਂਡਹੋਵਨ ਨੂੰ ਤੇ ਪ੍ਰਾਗ ਨੇ ਸਟੱਟਗਾਰਟ ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ।
 


author

Tarsem Singh

Content Editor

Related News