ਚੈਂਪੀਅਨ ਸ਼ੋਅ ਡਾਊਨ ਸ਼ਤਰੰਜ : ਜਿੱਤ ਦੀ ਹੈਟ੍ਰਿਕ ਨਾਲ ਕਾਰਲਸਨ ਨੇ ਬਣਾਈ ਬੜ੍ਹਤ

Friday, Sep 18, 2020 - 03:19 AM (IST)

ਸੇਂਟ ਲੂਈਸ (ਯੂ. ਐੱਸ. ਏ.) (ਨਿਕਲੇਸ਼ ਜੈਨ) – ਚੈਂਪੀਅਨ ਸ਼ੋਅ ਡਾਊਨ ਆਨਲਾਈਨ ਸੁਪਰ ਗ੍ਰੈਂਡ ਮਾਸਟਰ ਰੈਪਿਡ ਟੂਰਨਾਮੈਂਟ ਦੇ ਦੂਜੇ ਦਿਨ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਜ਼ੋਰਦਾਰ ਲੈਅ ਵਿਚ ਨਜ਼ਰ ਆਇਆ ਤੇ ਲਗਾਤਾਰ 3 ਮੁਕਾਬਲੇ ਜਿੱਤ ਕੇ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਮੈਗਨਸ ਕਾਰਲਸਨ ਨੇ ਦੂਜੇ ਦਿਨ ਹੋਏ 3 ਮੁਕਾਬਲਿਆਂ ਵਿਚ ਪਹਿਲਾਂ ਸਭ ਤੋਂ ਅੱਗੇ ਚੱਲ ਰਹੇ ਅਰਮੀਨੀਆ ਦੇ ਲੇਵੋਨ ਅਰੋਨੀਅਨ ਨੂੰ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਗੁਰਨੀਫੀਲਡ ਓਪਨਿੰਗ ਵਿਚ 34 ਚਾਲਾਂ ਵਿਚ ਹਰਾਇਆ ਤੇ ਉਸ ਤੋਂ ਬਾਅਦ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਅਮਰੀਕਾ ਦੇ ਦੋਮਿੰਗੇਜ ਪੇਰੇਡ ਨੂੰ ਫਿਲਿਡਰ ਓਪਨਿੰਗ ਵਿਚ 41 ਚਾਲਾਂ ਵਿਚ ਹਰਾ ਦਿੱਤਾ। ਤੀਜਾ ਮੁਕਾਬਲਾ ਸੀ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨਾਲ ਤੇ ਇਸ ਵਾਰ ਕਾਲੇ ਮੋਹਰਿਆਂ ਨਾਲ ਖੇਡ ਰਹੇ ਪੇਂਟਾਲਾ ਦੀ ਕਾਰੋ ਕਾਨ ਓਪਨਿੰਗ ਕਾਰਲਸਨ ਦੇ ਸਾਹਮਣੇ ਕੰਮ ਨਾ ਆਈ ਤੇ ਉਸ ਨੂੰ 31 ਚਾਲਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਹਰਿਕ੍ਰਿਸ਼ਣਾ ਜਿਹੜਾ ਕੱਲ ਤਕ ਸਭ ਤੋਂ ਅੱਗੇ ਚੱਲ ਰਿਹਾ ਸੀ, ਉਸ ਨੂੰ ਇਸ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਵਿਚ ਰੂਸ ਦੇ ਇਯਾਨ ਨੈਪੋਮਨਿਆਚੀ ਹੱਥੋਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਲੇਵੋਨ ਅਰੋਨੀਅਨ ਨਾਲ ਉਸ ਨੇ ਮੁਕਾਬਲਾ ਡਰਾਅ ਖੇਡਿਆ। ਦੂਜੇ ਦਿਨ ਅੰਕ ਸੂਚੀ ਵਿਚ ਅਮਰੀਕਾ ਦਾ ਵੇਸਲੀ ਸੋ ਨੈਪੋਮਨਿਆਚੀ ਨਾਲੋਂ ਬਿਹਤਰ ਕਰਦਾ ਨਜ਼ਰ ਆਇਆ।

ਰਾਊਂਡ 6 ਤੋਂ ਬਾਅਦ ਮੈਗਨਸ ਕਾਰਲਸਨ 9 ਅੰਕਾਂ ਨਾਲ ਪਹਿਲੇ, 8 ਅੰਕਾਂ ਨਾਲ ਨੈਪੋਮਨਿਆਚੀ ਤੇ ਵੇਸਲੀ ਸੋ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ, ਲੇਵੋਨ ਅਰੋਨੀਆ 7 ਅੰਕ, ਹਰਿਕ੍ਰਿਸ਼ਣਾ 6 ਅੰਕ, ਅਲੈਗਜ਼ੈਂਡਰ ਗ੍ਰੀਸਚੁਕ, ਜੇਫ੍ਰੀ ਜਿਆਂਗ ਤੇ ਹਿਕਾਰੂ ਨਾਕਾਮੁਰਾ 5 ਅੰਕ, ਦੋਮਿੰਗੇਜ ਪੇਰੇਜ 4 ਅੰਕ ਤੇ ਅਲੀਰੇਜਾ ਫਿਰੌਜਾ 3 ਅੰਕ ਬਣਾ ਕੇ ਖੇਡ ਰਹੇ ਹਨ। ਹੁਣ ਆਖਰੀ ਦਿਨ 3 ਰਾਊਂਡ ਹੋਰ ਖੇਡੇ ਜਾਣਗੇ।


Inder Prajapati

Content Editor

Related News