ਮਾਮਲਾ 3 ਅਫਗਾਨ ਕ੍ਰਿਕਟਰਾਂ ਦੀ ਹੱਤਿਆ : ਪਾਕਿਸਤਾਨ ਨੇ ICC ’ਤੇ ਵਿਤਕਰਾ ਕਰਨ ਦਾ ਲਗਾਇਆ ਦੋਸ਼
Sunday, Oct 19, 2025 - 09:00 PM (IST)

ਪਾਕਿਸਤਾਨ (ਵਿਨੋਦ) : ਅਫਗਾਨਿਸਤਾਨ ’ਤੇ ਹਾਲ ਹੀ ਵਿਚ ਪਾਕਿਸਤਾਨੀ ਹਵਾਈ ਹਮਲੇ ਵਿਚ ਤਿੰਨ ਮੁੱਖ ਅਫਗਾਨ ਕ੍ਰਿਕਟਰਾਂ ਦੀ ਹੱਤਿਆ ਦਾ ਵਿਵਾਦ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਧਿਆਨ ਖਿੱਚ ਰਿਹਾ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾ ਤਰਾਰ ਨੇ ਅਫਗਾਨਿਸਤਾਨ ਵਿਚ ਤਿੰਨ ਕ੍ਰਿਕਟਰਾਂ ਦੀ ਮੌਤ ’ਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ) ਦੇ ਬਿਆਨ ਨੂੰ ਪੱਖਪਾਤੀ ਦੱਸਦਿਆਂ ਖਾਰਜ ਕਰ ਦਿੱਤਾ ਹੈ। ਆਈ.ਸੀ.ਸੀ ’ਤੇ ਅਫਗਾਨਿਸਤਾਨ ਪ੍ਰਤੀ ਹਮਦਰਦੀ ਦਿਖਾਉਣ ਅਤੇ ਪਾਕਿਸਤਾਨ ਨਾਲ ਵਿਤਕਰਾ ਕਰਨ ਦਾ ਦੋਸ਼ ਲਗਾਇਆ ਹੈ।
ਆਈ.ਸੀ.ਸੀ ਅਤੇ ਭਾਰਤ ਵਿਚ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸ਼ਨੀਵਾਰ (18 ਅਕਤੂਬਰ, 2025) ਨੂੰ ਪਕਤਿਕਾ ਸੂਬੇ ਵਿਚ ਇਕ ਹਵਾਈ ਹਮਲੇ ਵਿਚ ਅਫਗਾਨ ਕ੍ਰਿਕਟਰਾਂ ਦੀ ਮੌਤ ’ਤੇ ਸੰਵੇਦਨਾ ਪ੍ਰਗਟ ਕੀਤੀ। ਇਸ ਘਟਨਾ ਵਿਚ ਪਾਕਿਸਤਾਨ ਦਾ ਨਾਂ ਨਹੀਂ ਲਿਆ ਗਿਆ ਸੀ। ਪਕਤਿਕਾ ਵਿਚ ਅਫਗਾਨ ਖਿਡਾਰੀਆਂ ਦੀ ਹੱਤਿਆ ਤੋਂ ਬਾਅਦ ਅਫਗਾਨਿਸਤਾਨ ਪਾਕਿਸਤਾਨ ਨਾਲ ਤਿਕੋਣੀ ਲੜੀ ਤੋਂ ਪਿੱਛੇ ਹਟ ਗਿਆ। ਪਾਕਿਸਤਾਨ ਕ੍ਰਿਕਟ ਬੋਰਡ ਨੇ ਬਾਅਦ ਵਿਚ ਐਲਾਨ ਕੀਤਾ ਕਿ ਉਹ ਤਿਕੋਣੀ ਲੜੀ ਲਈ ਅਫਗਾਨਿਸਤਾਨ ਦੀ ਥਾਂ ਜ਼ਿੰਬਾਬਵੇ ਨੂੰ ਦੇਵੇਗਾ, ਜਿਸ ਵਿਚ ਸ਼੍ਰੀਲੰਕਾ ਵੀ ਸ਼ਾਮਲ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਤਰਾਰ ਨੇ ਐਤਵਾਰ (19 ਅਕਤੂਬਰ, 2025) ਨੂੰ ਇਕ ਬਿਆਨ ਵਿਚ ਕਿਹਾ ਕਿ ਅਸੀਂ ਆਈ.ਸੀ.ਸੀ. ਦੇ ਉਸ ਬਿਆਨ ਦੀ ਨਿੰਦਾ ਅਤੇ ਖੰਡਨ ਕਰਦੇ ਹਾਂ ਜੋ ਇਹ ਧਾਰਨਾ ਅਤੇ ਦਾਅਵਾ ਕਰਦਾ ਹੈ ਕਿ ਤਿੰਨ ਅਫਗਾਨ ਕ੍ਰਿਕਟਰ ਪਾਕਿਸਤਾਨੀ ਹਮਲਿਆਂ ਵਿਚ ਮਾਰੇ ਗਏ ਸਨ।
ਉਨ੍ਹਾਂ ਕਿਹਾ ਕਿ ਆਈ.ਸੀ.ਸੀ. ਨੇ ਅਫਗਾਨ ਬੋਰਡ ਦੇ ਦਾਅਵਿਆਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਕਰਨ ਦੀ ਖੇਚਲ ਨਹੀਂ ਕੀਤੀ ਅਤੇ ਪਾਕਿਸਤਾਨੀ ਹਮਲੇ ਦਾ ਦਾਅਵਾ ਕਰਦੇ ਹੋਏ ਇਕ ਬਿਆਨ ਜਾਰੀ ਕੀਤਾ। ਮੰਤਰੀ ਨੇ ਕਿਹਾ ਕਿ ਪਾਕਿਸਤਾਨ ਖੁਦ ਸਾਲਾਂ ਤੋਂ ਅੱਤਵਾਦ ਦਾ ਸ਼ਿਕਾਰ ਰਿਹਾ ਹੈ ਅਤੇ ਮੰਗ ਕੀਤੀ ਕਿ ਆਈ.ਸੀ.ਸੀ. ਆਪਣਾ ਬਿਆਨ ਠੀਕ ਕਰੇ। ਇਹ ਅਜੀਬ ਹੈ ਕਿ ਆਈ.ਸੀ.ਸੀ. ਦੇ ਬਿਆਨ ਤੋਂ ਕੁਝ ਘੰਟਿਆਂ ਬਾਅਦ ਆਈ.ਸੀ.ਸੀ. ਦੇ ਪ੍ਰਧਾਨ ਜੈ ਸ਼ਾਹ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਉਹੀ ਸ਼ਬਦ ਦੁਹਰਾਏ ਅਤੇ ਅਫਗਾਨਿਸਤਾਨ ਬੋਰਡ ਨੇ ਵੀ ਉਹੀ ਸ਼ਬਦ ਵਰਤੇ।
ਸੂਚਨਾ ਮੰਤਰੀ ਨੇ ਅੱਗੇ ਕਿਹਾ ਕਿ ਅਫਗਾਨਿਸਤਾਨ ਬੋਰਡ ਨੇ ਕੋਈ ਠੋਸ ਸਬੂਤ ਪੇਸ਼ ਕੀਤੇ ਬਿਨਾਂ ਇਹ ਬਿਆਨ ਦਿੱਤਾ। ਇਹ ਆਈ.ਸੀ.ਸੀ. ਦੀ ਆਜ਼ਾਦੀ ਅਤੇ ਨਿਰਪੱਖਤਾ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਕ ਅੰਤਰਰਾਸ਼ਟਰੀ ਖੇਡ ਪ੍ਰਬੰਧਕ ਸੰਸਥਾ ਨੂੰ ਅਜਿਹੇ ਵਿਵਾਦਪੂਰਨ ਦਾਅਵਿਆਂ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ, ਜਿਨ੍ਹਾਂ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਆਈ.ਸੀ.ਸੀ. ਨੂੰ ਸੁਤੰਤਰ ਰਹਿਣਾ ਚਾਹੀਦਾ ਹੈ ਅਤੇ ਦੂਜਿਆਂ ਦੇ ਉਕਸਾਉਣ ’ਤੇ (ਭਾਰਤ ਦਾ ਨਾਂ ਲਏ ਬਿਨਾਂ) ਵਿਵਾਦਪੂਰਨ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।