ਪਾਕਿਸਤਾਨ ਵਿਰੁੱਧ ਆਪਣੀ ਟੀਮ ਦੀ ਗਹਿਰਾਈ ਅਜ਼ਮਾਉਣ ਉਤਰੇਗਾ ਭਾਰਤ

Sunday, Oct 05, 2025 - 12:23 AM (IST)

ਪਾਕਿਸਤਾਨ ਵਿਰੁੱਧ ਆਪਣੀ ਟੀਮ ਦੀ ਗਹਿਰਾਈ ਅਜ਼ਮਾਉਣ ਉਤਰੇਗਾ ਭਾਰਤ

ਕੋਲੰਬੋ (ਭਾਸ਼ਾ)– ਭਾਰਤ ਤੇ ਪਾਕਿਸਤਾਨ ਦੀਆਂ ਪੁਰਸ਼ ਟੀਮਾਂ ਵਿਚਾਲੇ ਪਿਛਲੇ ਤਿੰਨ ਅੈਤਵਾਰ ਨਾਟਕੀ ਭਰੇ ਮੁਕਾਬਲਿਆਂ ਤੋਂ ਬਾਅਦ ਹੁਣ ਇਸ ਅੈਤਵਾਰ ਨੂੰ ਦੋਵਾਂ ਦੇਸ਼ਾਂ ਦੀਆਂ ਮਹਿਲਾ ਟੀਮਾਂ ਇੱਥੇ ਵਨ ਡੇ ਵਿਸ਼ਵ ਕੱਪ ਵਿਚ ਆਹਮੋ-ਸਾਹਮਣੇ ਹੋਣਗੀਆਂ ਤਾਂ ਕ੍ਰਿਕਟ ਕਲਾ ਤੋਂ ਜ਼ਿਆਦਾ ਜਜ਼ਬਾਤਾਂ ਦੀ ਜੰਗ ਰਹੇਗੀ ਤੇ ਭਾਰਤ ਦਾ ਪੱਲੜਾ ਇਕ ਵਾਰ ਫਿਰ ਭਾਰੀ ਰਹਿਣ ਵਾਲਾ ਹੈ।
ਭਾਰਤ ਤੇ ਪਾਕਿਸਤਾਨ ਨੇ ਮਹਿਲਾ ਕੌਮਾਂਤਰੀ ਕ੍ਰਿਕਟ ਵਿਚ ਸਾਰੇ ਰੂਪਾਂ ਵਿਚ 27 ਮੁਕਾਬਲੇ ਖੇਡੇ ਹਨ, ਜਿਨ੍ਹਾਂ ਵਿਚੋਂ ਭਾਰਤ ਨੇ 24 ਤੇ ਪਾਕਿਸਤਾਨ ਨੇ ਸਿਰਫ 3 ਜਿੱਤੇ ਹਨ। ਪਾਕਿਸਤਾਨ ਨੂੰ ਤਿੰਨੇ ਜਿੱਤਾਂ ਟੀ-20 ਰੂਪ ਵਿਚ ਮਿਲੀਆਂ ਹਨ।
ਵਨ ਡੇ ਕ੍ਰਿਕਟ ਵਿਚ ਭਾਰਤ ਦਾ 100 ਫੀਸਦੀ ਰਿਕਾਰਡ ਹੈ, ਜਿਸ ਵਿਚ ਭਾਰਤ ਨੇ ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਸਾਰੇ 11 ਮੈਚ ਜਿੱਤੇ ਹਨ। ਭਾਰਤ ਨੇ ਵਿਸ਼ਵ ਕੱਪ ਤੋਂ ਪਹਿਲਾਂ ਮੈਚ ਵਿਚ ਸ਼੍ਰੀਲੰਕਾ ਨੂੰ 59 ਦੌੜਾਂ ਨਾਲ ਹਰਾਇਆ ਜਦਕਿ ਪਾਕਿਸਤਾਨ ਨੂੰ ਬੰਗਲਾਦੇਸ਼ ਨੇ 7 ਵਿਕਟਾਂ ਨਾਲ ਹਰਾਇਆ।
ਪਾਕਿਸਤਾਨੀ ਬੱਲੇਬਾਜ਼ ਸਪਿੰਨ ਤੇ ਤੇਜ਼ ਗੇਂਦਬਾਜ਼ੀ ਦੋਵਾਂ ਦਾ ਸਾਹਮਣਾ ਨਹੀਂ ਕਰ ਸਕੀਆਂ। ਸਾਰੀਆਂ ਟੀਮਾਂ ਇਕ-ਇਕ ਮੈਚ ਖੇਡ ਚੁੱਕੀਆਂ ਹਨ ਤੇ ਭਾਰਤ ਚੌਥੇ ਸਥਾਨ ’ਤੇ ਹੈ।
ਭਾਰਤੀ ਟੀਮ ਦੀਆਂ ਨਜ਼ਰਾਂ ਹੁਣ ਨੈੱਟ ਰਨ ਰੇਟ ਬਿਹਤਰ ਕਰਨ ’ਤੇ ਲੱਗੀਆਂ ਹੋਣਗੀਆਂ ਜਿਹੜੀ ਟੂਰਨਾਮੈਂਟ ਦੇ ਆਖਰੀ ਪੜਾਅ ਵਿਚ ਕਾਫੀ ਅਹਿਮ ਹੋ ਜਾਂਦੀ ਹੈ। ਹਰਮਨਪ੍ਰੀਤ ਕੌਰ ਦੀ ਟੀਮ ਪੂਰੇ ਆਤਮਵਿਸ਼ਵਾਸ ਦੇ ਨਾਲ ਇਸ ਮੁਕਾਬਲੇ 'ਚ ਉਤਰੇਗੀ।
ਪਹਿਲੇ ਮੈਚ ਵਿਚ ਇਕ ਸਮੇਂ 6 ਵਿਕਟਾਂ 124 ਦੌੜਾਂ ’ਤੇ ਡਿੱਗਣ ਤੋਂ ਬਾਅਦ ਹੇਠਲੇ ਮੱਧਕ੍ਰਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 47 ਓਵਰਾਂ ਵਿਚ 250 ਦੌੜਾਂ ਤੋਂ ਵੱਧ ਦਾ ਟੀਚਾ ਹਾਸਲ ਕਰ ਲਿਆ। ਭਾਰਤ ਦੀ ਤਾਕਤ ਉਸਦੀ ਬੱਲੇਬਾਜ਼ੀ ਹੈ ਪਰ ਮਜ਼ਬੂਤ ਟੀਮਾਂ ਵਿਰੁੱਧ ਬੱਲੇਬਾਜ਼ਾਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਬੰਗਲਾਦੇਸ਼ ਤੇ ਪਾਕਿਸਤਾਨ ਦੇ ਮੈਚ ਵਿਚ ਕੋਲੰਬੋ ਦੀ ਪਿੱਚ ਤੋਂ ਕਾਫੀ ਸੀਮ ਮਿਲ ਰਹੀ ਸੀ, ਲਿਹਾਜ਼ਾ ਭਾਰਤ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੂੰ ਉਤਾਰ ਸਕਦਾ ਹੈ ਜਿਹੜੀ ਪਿਛਲੇ ਮਹੀਨੇ ਆਸਟ੍ਰੇਲੀਆ ਵਿਰੁੱਧ ਲੜੀ ਦੇ ਰਾਹੀਂ ਸੱਟ ਤੋਂ ਬਾਅਦ ਪਰਤੀ ਹੈ। ਉਹ ਹਾਲਾਂਕਿ ਅਭਿਆਸ ਸੈਸ਼ਨ ਵਿਚ ਲੈਅ ਵਿਚ ਨਹੀਂ ਦਿਸੀ।
ਦੂਜੇ ਪਾਸੇ ਪਾਕਿਸਤਾਨ ਦੀ ਚਿੰਤਾ ਉਸਦੀ ਬੱਲੇਬਾਜ਼ੀ ਹੈ। ਪਹਿਲੇ ਮੈਚ ਵਿਚ ਉਸਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਤੇ ਪਾਰੀ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਗਈ। ਫਾਤਿਮਾ ਸਨਾ ਤੇ ਡਾਇਨਾ ਬੇਗ ਨੇ ਚੰਗੀ ਗੇਂਦਬਾਜ਼ੀ ਕੀਤੀ ਪਰ ਸਕੋਰ ਹੀ ਵੱਡਾ ਨਹੀਂ ਸੀ। ਪਾਕਿਸਤਾਨ ਨੂੰ ਸਾਰੇ ਮੈਚ ਇਕ ਹੀ ਮੈਦਾਨ ’ਤੇ ਖੇਡਣ ਦਾ ਫਾਇਦਾ ਮਿਲੇਗਾ ਪਰ ਭਾਰਤ ਵਰਗੀ ਮਜ਼ਬੂਤ ਟੀਮ ਵਿਰੁੱਧ ਉਸ ਨੂੰ ਜਿੱਤ ਲਈ ਚਮਤਕਾਰੀ ਪ੍ਰਦਰਸ਼ਨ ਕਰਨਾ ਪਵੇਗਾ।
ਕ੍ਰਿਕਟ ਤੋਂ ਇਲਾਵਾ ਇਸ ਮੈਚ ਨੂੰ ਲੈ ਕੇ ਕਾਫੀ ਤਣਾਅ ਵੀ ਹੈ। ਹੁਣ ਉਹ ਦਿਨ ਲੰਘ ਗਏ ਜਦੋਂ 2022 ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਸਾਬਕਾ ਕਪਤਾਨ ਬਿਸਮਾਹ ਮਾਰੂਫ ਦੀ ਬੇਟੀ ਦੇ ਨਾਲ ਭਾਰਤੀ ਖਿਡਾਰਨਾਂ ਨੂੰ ਖੇਡਦੇ ਹੋਏ ਦੇਖਿਆ ਗਿਆ ਸੀ। ਪੁਰਸ਼ ਟੀਮ ਦੀ ਤਰ੍ਹਾਂ ਭਾਰਤੀ ਮਹਿਲਾ ਟੀਮ ਵੀ ਪਾਕਿਸਤਾਨੀ ਖਿਡਾਰਨਾਂ ਨਾਲ ਸ਼ਾਇਦ ਹੱਥ ਨਹੀਂ ਮਿਲਾਉਣਗੀਆਂ।
ਭਾਰਤੀ ਕ੍ਰਿਕਟ ਵਿਚ ਪਿਛਲੇ ਇਕ ਮਹੀਨੇ ਵਿਚ ਇਹ ਲਗਾਤਾਰ ਚੌਥਾ ਅੈਤਵਾਰ ਹੋਵੇਗਾ ਜਦੋਂ ਭਾਰਤੀ ਟੀਮ ਪਾਕਿਸਤਾਨ ਨਾਲ ਭਿੜੇਗੀ। ਆਸ ਹੈ ਕਿ ਪੁਰਸ਼ ਟੀਮ ਦੀ ਤਰ੍ਹਾਂ ਹੀ ਮਹਿਲਾ ਟੀਮ ਨੂੰ ਵੀ ਓਨੀ ਹੀ ਸਪੋਰਟ ਮਿਲੇਗੀ।

ਟੀਮਾਂ ਇਸ ਤਰ੍ਹਾਂ ਹਨ
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਪ੍ਰਤਿਕਾ ਰਾਵਲ, ਹਰਲੀਨ ਦਿਓਲ, ਜੇਮਿਮਾ ਰੋਡ੍ਰਿਗਜ਼, ਰਿਚਾ ਘੋਸ਼, ਓਮਾ ਸ਼ੇਤਰੀ, ਰੇਣੂਕਾ ਸਿੰਘ ਠਾਕੁਰ, ਦੀਪਤੀ ਸ਼ਰਮਾ, ਸਨੇਹ ਰਾਣਾ, ਸ਼੍ਰੀ ਚਰਣੀ, ਰਾਧਾ ਯਾਦਵ, ਅਮਨਜੋਤ ਕੌਰ, ਅਰੁੰਧਤੀ ਰੈੱਡੀ, ਕ੍ਰਾਂਤੀ ਗੌੜ।
ਪਾਕਿਸਤਾਨ : ਫਾਤਿਮਾ ਸਨਾ (ਕਪਤਾਨ), ਮੁਨੀਬਾ ਅਲੀ ਸਿੱਦਿਕੀ, ਆਲੀਆ ਰਿਆਜ਼, ਡਾਇਨਾ ਬੇਗ, ਐਮਨ ਫਾਤਿਮਾ, ਨਸ਼ਾਰਾ ਸੰਧੂ, ਨਤਾਲੀਆ, ਪ੍ਰਵੇਜ਼, ਓਮਾਈਮਾ ਸੋਹੇਲ, ਰਮੀਨ ਸ਼ਮੀਮ, ਸਦਫ ਸ਼ਮਾਸ, ਸਾਦੀਆ ਇਕਬਾਲ, ਸ਼ਾਵਾਲ ਜੁਲਫਿਕਾਰ, ਸਿਦਰਾ ਅਮੀਨ, ਸਿਦਰਾ ਨਵਾਜ਼, ਸਈਦਾ ਆਰੂਬ ਸ਼ਾਹ।


author

Hardeep Kumar

Content Editor

Related News