ਖਰਾਬ ਪ੍ਰਦਰਸ਼ਨ ’ਤੇ ਅਫਰੀਦੀ ਨੇ ਦਿੱਤਾ ਵਿਵਾਦਪੂਰਨ ਬਿਆਨ, ਕਿਹਾ-‘ਪਾਕਿਸਤਾਨੀ ਲੜਕੀਆਂ ਖਾਣਾ ਬਹੁਤ ਵਧੀਆ ਬਣਾਉਂਦੀਆਂ ਨੇ’
Monday, Oct 06, 2025 - 11:19 PM (IST)

ਸਪੋਰਟਸ ਡੈਸਕ (ਇੰਟ.)– ਆਈ. ਸੀ. ਸੀ. ਮਹਿਲਾ ਵਨ ਡੇ ਵਿਸ਼ਵ ਕੱਪ-2025 ਵਿਚ ਪਾਕਿਸਤਾਨੀ ਟੀਮ ਦਾ ਪ੍ਰਦਰਸ਼ਨ ਬੇਹੱਦ ਖਰਾਬ ਹੈ। ਉਸ ਨੂੰ ਟੂਰਨਾਮੈਂਟ ਵਿਚ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਹੜੀ ਉਸ ਨੂੰ ਭਾਰਤ ਹੱਥੋਂ ਮਿਲੀ ਹੈ। ਭਾਰਤ ਵਿਰੱੁਧ ਉਸਦੀ ਇਹ ਵਨ ਡੇ ਵਿਚ ਲਗਾਤਾਰ 12ਵੀਂ ਹਾਰ ਹੈ ਜਦਕਿ ਵਿਸ਼ਵ ਕੱਪ ਵਿਚ ਉਸ ਨੂੰ ਭਾਰਤੀ ਟੀਮ ਹੱਥੋਂ ਲਗਾਤਾਰ 5ਵੀਂ ਹਾਰ ਦਾ ਵੀ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਪਾਕਿਸਤਾਨੀ ਮਹਿਲਾ ਟੀਮ ਨੂੰ ਆਪਣੇ ਸ਼ੁਰੂਆਤੀ ਮੁਕਾਬਲੇ 'ਚ ਬੰਗਲਾਦੇਸ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਪੂਰੇ ਪਾਕਿਸਤਾਨ ਵਿਚ ਨਿਰਾਸ਼ਾ ਦਾ ਮਾਹੌਲ ਹੈ। ਪੁਰਸ਼ਾਂ ਦੇ ਏਸ਼ੀਆ ਕੱਪ ਟੀ-20 ਟੂਰਨਾਮੈਂਟ ਵਿਚ ਭਾਰਤ ਹੱਥੋਂ ਲਗਾਤਾਰ 3 ਐਤਵਾਰ ਹਾਰ ਜਾਣ ਤੋਂ ਬਾਅਦ ਹੁਣ ਪਾਕਿਸਤਾਨੀ ਮਹਿਲਾ ਟੀਮ ਨੇ ਵੀ ਐਤਵਾਰ ਨੂੰ ਟੀਮ ਇੰਡੀਆ ਨੇ ਚਾਰੋ ਖਾਨੇ ਚਿੱਤ ਕਰ ਦਿੱਤਾ।
ਇਸ ਨੂੰ ਲੈ ਕੇ ਸਾਬਕਾ ਪਾਕਿਸਤਾਨੀ ਕਪਤਾਨ ਸ਼ਾਹਿਦ ਅਫਰੀਦੀ ਦੀ ਇਕ ਵਿਵਾਦਪੂਰਨ ਵੀਡੀਓ ਚਰਚਾ ਵਿਚ ਚੱਲ ਰਹੀ ਹੈ, ਜਿਸ ਵਿਚ ਉਹ ਆਪਣੀ ਮਹਿਲਾ ਟੀਮ ਨੂੰ ਲੰਬੇ ਹੱਥੀਂ ਲੈ ਰਿਹਾ ਹੈ। ਉਸ ਨੇ ਇਕ ਚੈਨਲ ਨੂੰ ਇੰਟਰਵਿਊ ਦੇਣ ਦੌਰਾਨ ਕਿਹਾ, ‘‘ਸਾਡੀਆਂ ਮਹਿਲਾਵਾਂ ਖਾਣਾ ਬਹੁਤ ਚੰਗਾ ਬਣਾਉਂਦੀਆਂ ਹਨ।’’
ਇਸ ’ਤੇ ਕਿਹਾ ਕਿ ਇਸ ਦਾ ਕੀ ਮਤਲਬ ਤਾਂ ਉਸ ਨੇ ਕਿਹਾ ਕਿ ਤੁਸੀਂ ਖੁਦ ਹੀ ਸਮਝ ਲਾਓ। ਉਸਦੇ ਇਸ ਬਿਆਨ ’ਤੇ ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨੀ ਮਹਿਲਾ ਟੀਮ ਦੇ ਖਰਾਬ ਪ੍ਰਦਰਸ਼ਨ ਲਈ ਕਹਿ ਰਿਹਾ ਹੈ ਕਿ ਇਨ੍ਹਾਂ ਨੂੰ ਰੋਟੀ ਬਣਾਉਣ ਲਈ ਹੀ ਰੱਖੋ ਨਾ ਕਿ ਖੇਡ ਲਈ। ਹਾਲਾਂਕਿ ਉਸਦੇ ਇਸ ਬਿਆਨ ਦੀ ਆਲੋਚਨਾ ਹੋ ਰਹੀ ਹੈ, ਕਿਉਂਕਿ ਉਸ ਦੀ ਮਹਿਲਾ ਟੀਮ ਹੀ ਨਹੀਂ, ਸਗੋਂ ਪੁਰਸ਼ ਟੀਮ ਵੀ ਭਾਰਤ ਵਿਰੁੱਧ ਜਿੱਤ ਨਹੀਂ ਦਰਜ ਕਰ ਸਕੀ।