ਕਾਰਟਰ ਰਾਮਾਸਵਾਮੀ : ਅਜਿਹਾ ਪਹਿਲਾ ਕ੍ਰਿਕਟਰ ਹੈ ਜਿਹੜਾ ਡੇਵਿਸ ਕੱਪ ਵੀ ਖੇਡਿਆ
Wednesday, Jun 17, 2020 - 11:16 AM (IST)

ਸਪੋਰਟਸ ਡੈਸਕ : ਟੀਮ ਇੰਡੀਆ ਵਿਚ ਕਈ ਅਜਿਹੇ ਕ੍ਰਿਕਟਰ ਹਨ, ਜਿਹੜੇ ਕਿ ਕ੍ਰਿਕਟ ਦੇ ਨਾਲ ਟੈਨਿਸ ਖੇਡਣਾ ਵੀ ਪਸੰਦ ਕਰਦੇ ਹਨ। ਸਚਿਨ-ਧੋਨੀ ਨੂੰ ਅਸੀਂ ਕਈ ਵਾਰ ਟੈਨਿਸ ਕੋਰਟ ’ਤੇ ਪਸੀਨਾ ਵਹਾਉਂਦੇ ਹੋਏ ਵੀ ਦੇਖਿਆ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਅੱਜ ਹੀ ਦੇ ਦਿਨ 1896 ਵਿਚ ਜਨਮਿਆ ਭਾਰਤੀ ਬੱਲੇਬਾਜ਼ ਕਾਰਟਰ ਰਾਮਾਸਵਾਮੀ ਅਜਿਹਾ ਪਹਿਲਾ ਕ੍ਰਿਕਟਰ ਹੈ ਜਿਹੜਾ ਕਿ ਟੀਮ ਇੰਡੀਆ ਵਿਚ ਡੈਬਿਊ ਕਰਨ ਤੋਂ ਪਹਿਲਾਂ ਟੈਨਿਸ ਦੇ ਵੱਕਾਰੀ ਟੂਰਨਾਮੈਂਟ ਡੇਵਿਸ ਕੱਪ ਵਿਚ ਵੀ ਖੇਡ ਚੁੱਕਾ ਹੈ। ਰਾਮਾਸਵਾਮੀ ਦਾ ਟੈਸਟ ਡੈਬਿਊ 1936 ਵਿਚ ਹੋਇਅਾ ਸੀ ਪਰ 1922 ਵਿਚ ਹੀ ਉਹ ਇੰਡੀਆ ਵਲੋਂ ਇੰਟਰਨੈਸ਼ਨਲ ਟੈਨਿਸ ਮੈਚ ਖੇਡ ਚੁੱਕਾ ਸੀ।
ਰਾਮਾਸਵਾਮੀ ਨੇ ਜਦੋਂ ਟੈਸਟ ਡੈਬਿਊ ਕੀਤਾ ਸੀ ਤਦ ਉਸਦੀ ਉਮਰ 40 ਸਾਲ, 37 ਦਿਨ ਸੀ। ਉਹ ਭਾਰਤ ਵਲੋਂ ਸਭ ਤੋਂ ਵੱਧ ਉਮਰ ਵਿਚ ਡੈਬਿਊ ਕਰਨ ਵਾਲਾ ਦੂਜਾ ਕ੍ਰਿਕਟਰ ਸੀ। ਰਾਮਾਸਵਾਮੀ ਉਨ੍ਹਾਂ ਚੋਣਵੇਂ ਕ੍ਰਿਕਟਰਾਂ ਵਿਚੋਂ ਇਕ ਸੀ ਜਿਹੜਾ ਕਿ ਕ੍ਰਿਕਟ ਦੇ ਨਾਲ ਟੈਨਿਸ ਖੇਡਣ ਵਿਚ ਵੀ ਮੁਹਾਰਤ ਰੱਖਦਾ ਸੀ। ਰਾਮਾਸਵਾਮੀ ਦੇ ਨਾਂ ਰਿਕਾਰਡ ਹੈ ਕਿ ਉਸ ਨੇ 1920 ਵਿਚ ਭਾਰਤੀ ਟੀਮ ਵਲੋਂ ਟੈਨਿਸ ਦੇ ਸਭ ਤੋਂ ਪੁਰਾਣੇ ਟੂਰਨਾਮੈਂਟ ਵਿਚੋਂ ਇਕ ਡੇਵਿਸ ਕੱਪ ਵਿਚ ਵੀ ਹਿੱਸਾ ਲਿਆ ਸੀ। ਰਾਮਾਸਵਾਮੀ ਮਦਰਾਸ ਦਾ ਰਹਿਣ ਵਾਲਾ ਸੀ। ਕਿਹਾ ਜਾਂਦਾ ਹੈ ਕਿ ਜ਼ਿੰਦਗੀ ਦੇ ਆਖਰੀ ਸਮੇਂ ਵਿਚ ਉਹ ਘਰ ਵਿਚੋਂ ਗਾਇਬ ਹੋ ਗਿਆ ਸੀ। ਰਾਮਾਸਵਾਮੀ ਨੂੰ ਉਨ੍ਹਾਂ ਦੇ ਘਰ ਵਾਲਿਆਂ ਨੇ ਬਹੁਤ ਲੱਭਿਆ ਪਰ ਉਸਦਾ ਪਤਾ ਨਹੀਂ ਲੱਗ ਸਕਿਆ। ਆਖਿਰਕਾਰ ਉਸ ਨੂੰ ਮ੍ਰਿਤਕ ਮੰਨ ਲਿਆ ਗਿਆ।