ਤਾਂ ਕਪਤਾਨ ਰੋਹਿਤ ਇਸ ਵਜ੍ਹਾ ਨਾਲ ਨਹੀਂ ਦੇਖ ਸਕੇ ਕਾਰਤਿਕ ਦਾ ''ਵਿਨਿੰਗ ਸਿਕਸ''
Monday, Mar 19, 2018 - 12:48 PM (IST)
ਨਵੀਂ ਦਿੱਲੀ (ਬਿਊਰੋ)— ਦਿਨੇਸ਼ ਕਾਰਤਿਕ ਦੇ ਆਖਰੀ ਗੇਂਦ ਉੱਤੇ ਲਗਾਏ ਗਏ ਛੱਕੇ ਦੇ ਦਮ ਉੱਤੇ ਭਾਰਤ ਨੇ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਬੰਗਲਾਦੇਸ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਨਿਡਾਸ ਟਰਾਫੀ ਟਰਾਈ ਟੀ-20 ਸੀਰੀਜ਼ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ, ਇਸ ਮੈਚ ਵਿਚ ਭਾਰਤ ਸਾਹਮਣੇ 167 ਦੌੜਾਂ ਦਾ ਟੀਚਾ ਸੀ। ਮੈਚ ਦੇ ਆਖਰੀ ਦੋ ਓਵਰਾਂ ਵਿਚ ਟੀਮ ਇੰਡੀਆ ਨੂੰ 34 ਦੌੜਾਂ ਦੀ ਜਰੂਰਤ ਸੀ। ਅਜਿਹੇ ਸਮੇਂ 'ਤੇ ਦਿਨੇਸ਼ ਕਾਰਤਿਕ ਨੇ ਕਰੀਜ ਉੱਤੇ ਕਦਮ ਰੱਖਿਆ ਅਤੇ ਧਮਾਲ ਮਚਾ ਦਿੱਤਾ। ਕਾਰਤਿਕ ਨੇ 8 ਗੇਂਦਾਂ ਉੱਤੇ 29 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ ਰੂਬੈਲ ਹੁਸੈਨ ਦੇ ਪਾਰੀ ਦੇ 19ਵੇਂ ਓਵਰ ਵਿਚ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 22 ਦੌੜਾਂ ਹਾਸਲ ਕੀਤੀਆਂ।
ਡਰੈਸਿੰਗ ਰੂਮ 'ਚ ਅਲੱਗ ਹੀ ਰਣਨੀਤੀ ਬਣਾ ਰਹੇ ਸਨ ਰੋਹਿਤ
ਆਖਰੀ ਓਵਰ ਦੀ ਲਾਸਟ ਗੇਂਦ 'ਤੇ ਦਿਨੇਸ਼ ਕਾਰਤਿਕ ਨੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਕਾਰਤਿਕ ਦੇ ਇਸ ਛੱਕੇ ਨੂੰ ਪੂਰੀ ਦੁਨੀਆ ਨੇ ਵੇਖਿਆ ਪਰ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਇਸ ਖਾਸ ਪਲ ਨੂੰ ਨਹੀਂ ਵੇਖ ਪਾਏ। ਦਰਅਸਲ, ਜਿਸ ਸਮੇਂ ਕ੍ਰਿਕਟ ਫੈਂਸ ਟਿਕਟਿਕੀ ਲਗਾਏ ਸੌਮਿਆ ਸਰਕਾਰ ਦੀ ਆਖਰੀ ਗੇਂਦ ਨੂੰ ਵੇਖ ਰਹੇ ਸਨ ਅਤੇ ਦਿਨੇਸ਼ ਕਾਰਤਿਕ ਦੇ ਫਿਨਿਸ਼ ਸ਼ਾਟ ਦੇ ਗਵਾਹ ਬਣ ਰਹੇ ਸਨ, ਉਸ ਸਮੇਂ ਰੋਹਿਤ ਸ਼ਰਮਾ ਡਰੈਸਿੰਗ ਰੂਮ ਵਿਚ ਇਕ ਅਲੱਗ ਹੀ ਰਣਨੀਤੀ ਬਣਾਉਣ ਵਿਚ ਲੱਗੇ ਹੋਏ ਸਨ।

ਸੁਪਰ ਓਵਰ ਦੀ ਤਿਆਰੀ 'ਚ ਸਨ ਰੋਹਿਤ
ਮੈਚ ਦੇ ਬਾਅਦ ਪ੍ਰੈੱਸ ਕਾਂਫਰੰਸ ਵਿਚ ਰੋਹਿਤ ਨੇ ਕਿਹਾ ਕਿ ਉਹ ਆਖਰੀ ਗੇਂਦ ਨਹੀਂ ਵੇਖ ਪਾਏ। ਰੋਹਿਤ ਸ਼ਰਮਾ ਨੇ ਕਿਹਾ, ''ਜਿੱਥੇ ਤੱਕ ਆਖਰੀ ਗੇਂਦ ਦੀ ਗੱਲ ਹੈ, ਮੈਂ ਤਾਂ ਸੁਪਰ ਓਵਰ ਦੀ ਤਿਆਰੀ ਕਰਨ ਚਲਾ ਗਿਆ ਸੀ। ਮੈਂ ਪੈਡ ਬੰਨਣ ਚਲਾ ਗਿਆ ਸੀ। ਮੈਨੂੰ ਲੱਗਾ ਸੀ ਕਿ ਜੇਕਰ ਚੌਕਾ ਲੱਗਾ ਤਾਂ ਸੁਪਰ ਓਵਰ ਹੋਣ ਦਾ ਚਾਂਸ ਹੈ। ਮੈਂ ਆਖਰੀ ਗੇਂਦ ਨਹੀਂ ਵੇਖੀ ਸੀ, ਪਰ ਜਿਸ ਤਰ੍ਹਾਂ ਨਾਲ ਡਰੈਸਿੰਗ ਰੂਮ ਵਿਚ ਜਸ਼ਨ ਮਨਾਇਆ ਜਾ ਰਿਹਾ ਸੀ। ਮੈਨੂੰ ਪਤਾ ਚੱਲ ਗਿਆ ਕਿ ਦਿਨੇਸ਼ ਕਾਰਤਿਕ ਨੇ ਛੱਕਾ ਮਾਰ ਦਿੱਤਾ ਹੈ ਅਤੇ ਅਸੀ ਜਿੱਤ ਗਏ ਹਾਂ।''
