ਸੋਨ ਤਮਗਾ ਜੇਤੂ ਨਵਜੋਤ ਕੌਰ ਜਲਦ ਬਣੇਗੀ ਡੀ. ਐੱਸ. ਪੀ. : ਕੈਪਟਨ (ਵੀਡੀਓ)

03/08/2018 9:04:38 PM

ਤਰਨਤਾਰਨ,(ਰਮਨ)—ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੀ ਜ਼ਿਲਾ ਤਰਨਤਾਰਨ ਦੇ ਪਿੰਡ ਬਾਗੜੀਆਂ ਦੀ ਨਵਜੋਤ ਕੌਰ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਚੰਡੀਗੜ੍ਹ ਵਿਖੇ ਆਪਣੇ ਪਰਿਵਾਰ ਸਮੇਤ ਪਹੁੰਚੀ। ਇਸ ਜਿੱਤ ਦੀ ਖੁਸ਼ੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਹਿਲਾ ਦਿਵਸ ਮੌਕੇ ਨਵਜੋਤ ਕੌਰ ਦਾ ਸਨਮਾਨ ਕੀਤਾ। 
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਕੌਰ ਨੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤ ਕੇ ਭਾਰਤ ਅਤੇ ਪੰਜਾਬ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਸ ਸਮੇਂ ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਨਵਜੋਤ ਕੌਰ ਨੂੰ ਉਸਦੀਆਂ ਪ੍ਰਾਪਤੀਆਂ ਬਦਲੇ ਪੰਜਾਬ ਸਰਕਾਰ ਵੱਲੋਂ ਜਲਦ ਹੀ ਪੰਜਾਬ ਪੁਲਸ 'ਚ ਬਤੌਰ ਡੀ. ਐੱਸ. ਪੀ. ਤਾਇਨਾਤ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਕੌਰ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਸਰਕਾਰ ਵੱਲੋਂ 5 ਲੱਖ ਰੁਪਏ ਦਾ ਚੱੈਕ ਵੀ ਭੇਟ ਕੀਤਾ। ਇਸ ਮੌਕੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ, ਵਿਧਾਇਕ ਰਾਜ ਕੁਮਾਰ ਵੇਰਕਾ, ਪਹਿਲਵਾਨ ਕਰਤਾਰ ਸਿੰਘ, ਪਹਿਲਵਾਨ ਸਰਵਨ ਸਿੰਘ, ਸੁਖਚੈਨ ਸਿੰਘ ਪਿਤਾ, ਗਿਆਨ ਕੌਰ ਮਾਤਾ, ਨਵਜੀਤ ਕੌਰ ਭੈਣ, ਯੁਵਰਾਜ ਸਿੰਘ ਭਰਾ ਤੇ ਸੁਭੇਗ ਸਿੰਘ ਧੁੰਨ ਆਦਿ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

 


Related News