CWC 2019 : ਇੰਗਲੈਂਡ ਦੀ ਕਪਤਾਨੀ ਲਈ ਤਿਆਰ ਹੈ ਬਟਲਰ
Monday, Jun 17, 2019 - 04:10 AM (IST)

ਸਾਊਥੰਪਟਨ— ਜੋਸ ਬਟਲਰ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਅਫਗਾਨਿਸਤਾਨ ਵਿਰੁੱਧ ਹੋਣ ਵਾਲੇ ਮੈਚ ਤਕ ਜੇਕਰ ਕਪਤਾਨ ਇਯੋਨ ਮੋਰਗਨ ਸੱਟ ਤੋਂ ਨਹੀਂ ਉੱਭਰਦਾ ਤਾਂ ਉਹ ਇੰਗਲੈਂਡ ਦੀ ਕਪਤਾਨੀ ਲਈ ਤਿਆਰ ਹੈ। ਸ਼ੁੱਕਰਵਾਰ ਨੂੰ ਸਾਊਥੰਪਟਨ ਵਿਚ ਵੈਸਟਇੰਡੀਜ਼ ਦੀ ਪਾਰੀ ਦੌਰਾਨ ਮੋਰਗਨ ਨੂੰ ਪਿੱਠ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਵਾਪਸ ਪਰਤਣਾ ਪਿਆ ਸੀ। ਸਲਾਮੀ ਬੱਲੇਬਾਜ਼ ਜੈਸਨ ਰਾਏ ਨੂੰ ਵੀ ਪੈਰ ਦੀਆਂ ਮਾਸਪੇਸ਼ੀਆਂ ਵਿਚ ਜਕੜਨ ਕਾਰਣ ਮੈਦਾਨ 'ਚੋਂ ਬਾਹਰ ਜਾਣ ਨੂੰ ਮਜਬੂਰ ਹੋਣਾ ਪਿਆ ਸੀ।
ਉਪ-ਕਪਤਾਨ ਬਟਲਰ ਵੀ ਬੰਗਲਾਦੇਸ਼ ਵਿਰੁੱਧ ਟੀਮ ਦੇ ਪਿਛਲੇ ਮੈਚ ਵਿਚ ਵਿਕਟਕੀਪਿੰਗ ਨਹੀਂ ਕਰ ਸਕਿਆ ਸੀ ਪਰ ਉਸ ਨੇ ਕਿਹਾ ਕਿ ਉਹ ਹੁਣ ਪੂਰੀ ਤਰ੍ਹਾਂ ਫਿੱਟ ਹੈ। ਬਟਲਰ ਨੇ ਕਿਹਾ, ''ਮੈਂ ਚਾਹੁੰਦਾ ਹਾਂ ਕਿ ਇਯੋਨ ਖੇਡੇ। ਉਸ ਦਾ ਸਕੈਨ ਹੋਵੇਗਾ ਅਤੇ ਜੈਸਨ ਦਾ ਵੀ ਅਤੇ ਦੇਖਦੇ ਹਾਂ ਕਿ ਉਸ ਦੀ ਸੱਟ ਕਿਸ ਤਰ੍ਹਾਂ ਹੈ ਪਰ ਬੇਸ਼ੱਕ ਅਸੀਂ ਸਰਵਸ੍ਰੇਸ਼ਠ ਦੀ ਉਮੀਦ ਕਰ ਰਹੇ ਹਾਂ।''