ਬੁਮਰਾਹ ਦਾ ਪਹਿਲਾ ਅਰਧ ਸੈਂਕੜਾ, ਭਾਰਤੀ ਗੇਂਦਬਾਜ਼ਾਂ ਨੇ ਕੰਗਾਰੂਆਂ ਨੂੰ ਕੀਤਾ 108 ਦੌੜਾਂ 'ਤੇ ਢੇਰ

Friday, Dec 11, 2020 - 07:55 PM (IST)

ਸਿਡਨੀ– ਭਾਰਤੀ ਬੱਲੇਬਾਜ਼ੀ ਗੁਲਾਬੀ ਗੇਂਦ ਦੇ ਸਾਹਮਣੇ ਪਹਿਲੇ ਡੇ-ਨਾਈਟ ਅਭਿਆਸ ਮੈਚ ਵਿਚ ਆਸਟਰੇਲੀਆ-ਏ ਵਿਰੁੱਧ ਪਹਿਲੇ ਦਿਨ ਸ਼ੁੱਕਰਵਾਰ ਨੂੰ 194 ਦੌੜਾਂ 'ਤੇ ਢੇਰ ਹੋ ਗਈ ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (ਅਜੇਤੂ 55) ਨੇ ਆਪਣੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਾਉਂਦੇ ਹੋਏ ਭਾਰਤ ਦਾ ਕੁਝ ਸਨਮਾਨ ਬਚਾ ਲਿਆ। ਇਸ ਤੋਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਕਹਿਰ ਵਰ੍ਹਾਉਂਦੇ ਹੋਏ ਆਸਟਰੇਲੀਆ-ਏ ਨੂੰ ਪਹਿਲੀ ਪਾਰੀ ਵਿਚ ਸਿਰਫ 108 ਦੌੜਾਂ 'ਤੇ ਢੇਰ ਕਰ ਦਿੱਤਾ ਤੇ ਪਹਿਲੀ ਪਾਰੀ ਵਿਚ 86 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ।

PunjabKesari
ਭਾਰਤ ਨੇ ਆਪਣੀਆਂ 9 ਵਿਕਟਾਂ ਸਿਰਫ 123 ਦੌੜਾਂ 'ਤੇ ਗੁਆ ਦਿੱਤੀਆਂ ਸਨ ਪਰ ਬੁਮਰਾਹ ਨੇ ਜਵਾਬੀ ਹਮਲਾ ਕਰਦੇ ਹੋਏ ਸਿਰਫ 57 ਗੇਂਦਾਂ 'ਤੇ 6 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 55 ਦੌੜਾਂ ਬਣਾਈਆਂ ਤੇ ਭਾਰਤ ਨੂੰ ਸ਼ਰਮਿੰਦਗੀ ਤੋਂ ਬਚਾਅ ਲਿਆ। ਬੁਮਰਾਹ ਦਾ ਕਿਸੇ ਵੀ ਫਾਰਮੈੱਟ ਵਿਚ ਕਰੀਅਰ ਦਾ ਇਹ ਪਹਿਲਾ ਅਰਧ ਸੈਂਕੜਾ ਸੀ। ਇਸ ਤੋਂ ਪਹਿਲਾਂ ਉਸਦਾ ਸਰਵਸ੍ਰੇਸ਼ਠ ਸਕੋਰ ਲਿਸਟ-ਏ ਵਿਚ ਅਜੇਤੂ 42 ਦੌੜਾਂ ਸੀ। ਬੁਮਰਾਹ ਨੇ ਮੁਹੰਮਦ ਸਿਰਾਜ ਨਾਲ ਆਖਰੀ ਵਿਕਟ ਲਈ 71 ਦੌੜਾਂ ਦੀ ਬੇਸ਼ਕੀਮਤੀ ਸਾਂਝੇਦਾਰੀ ਕੀਤੀ। ਸਿਰਾਜ ਨੇ 34 ਗੇਂਦਾਂ ਵਿਚ 2 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 22 ਦੌੜਾਂ ਬਣਾਈਆਂ।

PunjabKesari
ਆਸਟਰੇਲੀਆ-ਏ ਦੀ ਪਾਰੀ ਵਿਚ 10.4 ਓਵਰਾਂ ਤੋਂ ਬਾਅਦ ਮੀਂਹ ਆਉਣ ਕਾਰਨ ਖੇਡ ਰੋਕਣੀ ਪਈ। ਉਸ ਸਮੇਂ ਤਕ ਆਸਟਰੇਲੀਆ ਦਾ ਸਕੋਰ 1 ਵਿਕਟ 'ਤੇ 36 ਦੌੜਾਂ ਸੀ। ਬੁਮਰਾਹ ਨੇ ਅਜੇਤੂ ਅਰਧ ਸੈਂਕੜਾ ਲਾਉਣ ਤੋਂ ਬਾਅਦ ਓਪਨਰ ਜੋ ਬਰਨਸ ਨੂੰ ਦੂਜੇ ਓਵਰ ਵਿਚ ਵਿਕਟਕੀਪਰ ਰਿਸ਼ਭ ਪੰਤ ਦੇ ਹੱਥੋਂ ਕੈਚ ਕਰਵਾ ਦਿੱਤਾ। ਬਰਨਸ ਦਾ ਖਾਤਾ ਨਹੀਂ ਖੁੱਲ੍ਹਿਆ ਸੀ। ਮੀਂਹ ਰੁਕਣ ਤੋਂ ਬਾਅਦ ਖੇਡ ਸ਼ੁਰੂ ਹੋਣ 'ਤੇ ਭਾਰਤੀ ਤੇਜ਼ ਗੇਂਦਬਾਜ਼ਾਂ ਖਾਸ ਤੌਰ 'ਤੇ ਮੁਹੰਮਦ ਸ਼ੰਮੀ ਨੇ ਆਸਟਰੇਲੀਆਈ ਬੱਲੇਬਾਜ਼ਾਂ 'ਤੇ ਕਹਿਰ ਵਰ੍ਹਾ ਦਿੱਤਾ। ਆਸਟਰੇਲੀਆਈ ਪਾਰੀ 32.2 ਓਵਰਾਂ ਵਿਚ 108 ਦੌੜਾਂ 'ਤੇ ਢੇਰ ਹੋ ਗਈ ਤੇ ਇਸਦੇ ਨਾਲ ਹੀ ਪਹਿਲੇ ਦਿਨ ਦੀ ਖੇਡ ਖਤਮ ਹੋ ਗਈ।
ਮਾਰਕਸ ਹੈਰਿਸ ਨੇ ਸ਼ੰਮੀ ਦੀ ਗੇਂਦ 'ਤੇ ਸ਼ੁਭਮਨ ਗਿੱਲ ਨੂੰ ਕੈਚ ਦਿੱਤਾ। ਹੈਰਿਸ ਨੇ 26 ਦੌੜਾਂ ਬਣਾਈਆਂ। ਸ਼ੰਮੀ ਨੇ ਫਿਰ ਬੇਨ ਮੈਕਡਰਮਾਟ ਨੂੰ ਖਾਤਾ ਖੋਲ੍ਹਣ ਦਾ ਮੌਕਾ ਦਿੱਤੇ ਬਿਨਾਂ ਐੱਲ. ਬੀ. ਡਬਲਯੂ. ਕਰ ਦਿੱਤਾ। ਮੁਹੰਮਦ ਸਿਰਾਜ ਨੇ ਨਿਕ ਮੈਡੀਨਸਨ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਮੈਡੀਨਸਨ ਨੇ 34 ਗੇਂਦਾਂ ਵਿਚ 19 ਦੌੜਾਂ ਬਣਾਈਆਂ। ਸ਼ੰਮੀ ਨੇ ਸੀਨ ਐਬੋਟ ਨੂੰ ਪੰਤ ਦੇ ਹੱਥੋਂ ਕੈਚ ਕਰਵਾ ਦਿੱਤਾ। ਐਬੋਟ ਦਾ ਵੀ ਖਾਤਾ ਨਹੀਂ ਖੁੱਲ੍ਹਾ। ਐਬੋਟ ਦੀ ਵਿਕਟ 56 ਦੇ ਸਕੋਰ 'ਤੇ ਡਿੱਗੀ।

ਇਹ ਵੀ ਪੜ੍ਹੋ: ਕਵਿੰਟਨ ਡੀ ਕੌਕ ਬਣੇ ਦੱ. ਅਫਰੀਕਾ ਦੇ ਟੈਸਟ ਕਪਤਾਨ, ਸ਼੍ਰੀਲੰਕਾ ਵਿਰੁੱਧ ਹੋਵੇਗੀ ਸੀਰੀਜ਼
ਕਪਤਾਨ ਐਲਕਸ ਕੈਰੀ ਨੇ ਜੈਕ ਵਿਲਟਰਮਥ ਨਾਲ ਛੇਵੀਂ ਵਿਕਟ ਲਈ 27 ਦੌੜਾਂ ਜੋੜੀਆਂ। ਬੁਮਰਾਹ ਨੇ ਵਿਲਡਰਮਥ ਨੂੰ ਪੰਤ ਦੇ ਹੱਥੋਂ ਕੈਚ ਕਰਵਾ ਦਿੱਤਾ। ਵਿਲਡਰਮਥ ਨੇ 12 ਦੌੜਾਂ ਬਣਾਈਆਂ। ਨਵਦੀਪ ਸੈਣੀ ਨੇ ਵਿਲ ਸਦਰਲੈਂਡ ਨੂੰ ਖਾਤਾ ਖੋਲ੍ਹਣ ਦਾ ਮੌਕਾ ਦਿੱਤੇ ਬਿਨਾਂ ਗਿੱਲ ਦੇ ਹੱਥੋਂ ਕੈਚ ਕਰਵਾ ਦਿੱਤਾ। ਸੈਣੀ ਨੇ ਫਿਰ ਕੈਰੀ ਤੇ ਮਾਈਕਲ ਸਵੈਪਸਨ ਦਾ ਸ਼ਿਕਾਰ ਕਰਕੇ ਪਹਿਲੇ ਟੈਸਟ ਲਈ ਆਪਣਾ ਦਾਅਵਾ ਮਜ਼ਬੂਤੀ ਨਾਲ ਪੇਸ਼ ਕਰ ਦਿੱਤਾ। ਕੈਰੀ ਨੇ 38 ਗੇਂਦਾਂ ਵਿਚ 6 ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾਈਆਂ।
ਹੈਰੀ ਕਾਨਵੇ ਰਨ ਆਊਟ ਹੋ ਗਿਆ ਤੇ ਆਸਟਰੇਲੀਆ-ਏ ਦੀ ਪਾਰੀ 108 ਦੌੜਾਂ 'ਤੇ ਖਤਮ ਹੋ ਗਈ। ਸ਼ੰਮੀ ਨੇ 11 ਓਵਰਾਂ ਵਿਚ 29 ਦੌੜਾਂ 'ਤੇ 3 ਵਿਕਟਾਂ, ਸੈਣੀ ਨੇ 5.2 ਓਵਰਾਂ ਵਿਚ 19 ਦੌੜਾਂ 'ਤੇ 3 ਵਿਕਟਾਂ, ਬੁਮਰਾਹ ਨੇ 9 ਓਵਰਾਂ ਵਿਚ 33 ਦੌੜਾਂ 'ਤੇ 2 ਵਿਕਟਾਂ ਤੇ ਸਿਰਾਜ ਨੇ 7 ਓਵਰਾਂ ਵਿਚ 26 ਦੌੜਾਂ 'ਤੇ ਇਕ ਵਿਕਟ ਲਈ।

PunjabKesari
ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਅਭਿਆਸ ਦੇ ਲਿਹਾਜ ਨਾਲ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਵਿਰਾਟ ਕੋਹਲੀ ਇਸ ਮੁਕਾਬਲੇ ਵਿਚ ਖੇਡਣ ਨਹੀਂ ਉਤਰਿਆ ਜਦਕਿ ਉਹ 17 ਦਸੰਬਰ ਤੋਂ ਐਡੀਲੇਡ ਵਿਚ ਆਸਟਰੇਲੀਆ ਵਿਰੁੱਧ ਹੋਣ ਵਾਲੇ ਡੇ-ਨਾਈਟ ਟੈਸਟ ਤੋਂ ਪਹਿਲਾਂ ਇਕਲੌਤਾ ਡੇ-ਨਾਈਟ ਅਭਿਆਸ ਮੈਚ ਹੈ। ਪਹਿਲੇ ਅਭਿਆਸ ਮੈਚ ਵਿਚ ਖੇਡਣ ਵਾਲੇ ਚੇਤੇਸ਼ਵਰ ਪੁਜਾਰਾ ਨੂੰ ਵੀ ਇਸ ਮੈਚ ਵਿਚੋਂ ਆਰਾਮ ਦਿੱਤਾ ਗਿਆ। ਗੁਲਾਬੀ ਗੇਂਦਾਂ ਦੇ ਸਾਹਮਣੇ ਭਾਰਤੀ ਬੱਲੇਬਾਜ਼ ਸੰਘਰਸ਼ ਕਰਦੇ ਹੋਏ ਨਜ਼ਰ ਆਏ ਜਿਹੜਾ ਪਹਿਲੇ ਟੈਸਟ ਨੂੰ ਦੇਖਦੇ ਹੋਏ ਚੰਗਾ ਸੰਕੇਤ ਨਹੀਂ ਹੈ।
ਨਿਯਮਤ ਓਪਨਰ ਮਯੰਕ ਅਗਰਵਾਲ ਸਿਰਫ 2 ਦੌੜਾਂ ਬਣਾ ਕੇ ਸੀਨ ਐਬੋਟ ਦੀ ਗੇਂਦ 'ਤੇ ਆਊਟ ਹੋ ਗਿਆ। ਮਯੰਕ ਦੇ ਜੋੜੀਦਾਰ ਦੇ ਦਾਅਵੇਦਾਰ ਪ੍ਰਿਥਵੀ ਸ਼ਾਹ ਤੇ ਸ਼ੁਭਮਨ ਗਿੱਲ ਨੇ ਦੂਜੀ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਇਸ ਤੋਂ ਬਾਅਦ ਭਾਰਤ ਨੇ 51 ਦੌੜਾਂ ਜੋੜ ਕੇ 8 ਵਿਕਟਾਂ ਗੁਆ ਦਿੱਤੀਆਂ। ਪ੍ਰਿਥਵੀ 40, ਗਿੱਲ 43, ਹਨੁਮਾ ਵਿਹਾਰੀ 15, ਕਪਤਾਨ ਅਜਿਕੰਯ ਰਹਾਨੇ 4, ਵਿਕਟਕੀਪਰ ਰਿਸ਼ਭ ਪੰਤ 5, ਰਿਧੀਮਾਨ ਸਾਹਾ ਜ਼ੀਰੋ, ਨਵਦੀਪ ਸੈਣੀ 4 ਤੇ ਮੁਹੰਮਦ ਸ਼ੰਮੀ ਜ਼ੀਰੋ 'ਤੇ ਆਊਟ ਹੋਏ।

PunjabKesari
ਪਹਿਲੇ ਟੈਸਟ ਤੋਂ ਪਹਿਲਾਂ ਅਭਿਆਸ ਮੈਚ ਵਿਚ ਅਜਿਹੀ ਬੱਲੇਬਾਜ਼ੀ ਟੀਮ ਇੰਡੀਆ ਲਈ ਚਿੰਤਾ ਪੈਦਾ ਕਰਦੀ ਹੈ। ਨਾਲ ਹੀ ਇਹ ਵੀ ਸਵਾਲ ਉਠਦਾ ਹੈ ਕਿ ਗੁਲਾਬੀ ਗੇਂਦ ਦੇ ਪਹਿਲੇ ਟੈਸਟ ਲਈ ਇਹ ਗੁਲਾਬੀ ਗੇਂਦ ਨਾਲ ਅਭਿਆਸ ਮੈਚ ਹੈ ਤੇ ਕਪਤਾਨ ਵਿਰਾਟ ਤੇ ਪੁਜਾਰਾ ਇਸ ਮੁਕਾਬਲੇ ਵਿਚ ਖੇਡਣ ਕਿਉਂ ਨਹੀਂ ਉਤਰੇ। ਕਪਤਾਨ ਰਹਾਨੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜਿਹੜਾ ਕਾਰਗਾਰ ਸਾਬਤ ਨਹੀਂ ਹੋਇਆ ਤੇ ਟੀਮ ਨੇ ਮਯੰਕ ਅਗਰਵਾਲ ਦੇ ਰੂਪ ਵਿਚ ਸਿਰਫ 9 ਦੌੜਾਂ ਦੇ ਸਕੋਰ 'ਤੇ ਪਹਿਲੀ ਵਿਕਟ ਗੁਆ ਦਿੱਤੀ।
ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਸ਼ੁਭਮਨ ਤੇ ਸਲਾਮੀ ਬੱਲੇਬਾਜ਼ ਪ੍ਰਿਥਵੀ ਨੇ ਚੰਗੀਆਂ ਸ਼ਾਟਾਂ ਲਾਈਆਂ। ਦੋਵਾਂ ਵਿਚਾਲੇ ਦੂਜੀ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਤੋਂ ਬਾਅਦ ਪ੍ਰਿਥਵੀ ਨੇ ਚੰਗੀਆਂ ਸ਼ਾਟਾਂ ਲਾਈਆਂ। ਦੋਵਾਂ ਵਿਚਾਲੇ ਦੂਜੀ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਤੋਂ ਬਾਅਦ ਪ੍ਰਿਥਵੀ 40 ਦੌੜਾਂ ਬਣਾ ਕੇ ਆਊਟ ਹੋ ਗਿਆ। ਪ੍ਰਿਥਵੀ ਨੇ ਟੀ-20 ਅੰਦਾਜ਼ ਵਿਚ ਖੇਡਦੇ ਹੋਏ 28 ਗੇਂਦਾਂ 'ਤੇ 9 ਚੌਕੇ ਲਾਏ ਪਰ ਉਸ ਨੂੰ ਇਹ ਸਮਝਣਾ ਪਵੇਗਾ ਕਿ ਇਹ ਛੋਟਾ ਨਹੀਂ ਸਗੋਂ ਲੰਬਾ ਸਵਰੂਪ ਹੈ ਤੇ ਉਸ ਨੂੰ ਵਿਕਟ 'ਤੇ ਟਿਕਣ ਦੀ ਲੋੜ ਹੈ।
ਹਨੁਮਾ ਵਿਹਾਰੀ ਵੀ ਕੁਝ ਖਾਸ ਨਹੀਂ ਕਰ ਸਕਿਆ ਤੇ 39 ਗੇਂਦਾਂ ਵਿਚ 2 ਚੌਕਿਆਂ ਦੇ ਸਹਾਰੇ 15 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਹਨੁਮਾ ਦੀ ਵਿਕਟ 102 ਦੇ ਸਕੋਰ 'ਤੇ ਡਿੱਗੀ ਤੇ ਗਿੱਲ ਵੀ ਇਸੇ ਸਕੋਰ 'ਤੇ ਆਊਟ ਹੋ ਗਿਆ। ਗਿੱਲ ਨੇ 58 ਗੇਂਦਾਂ 'ਤੇ 43 ਦੌੜਾਂ ਵਿਚ 6 ਚੌਕੇ ਤੇ 1 ਛੱਕਾ ਲਾਇਆ।

ਨੋਟ- ਬੁਮਰਾਹ ਦਾ ਪਹਿਲਾ ਅਰਧ ਸੈਂਕੜਾ, ਭਾਰਤੀ ਗੇਂਦਬਾਜ਼ਾਂ ਨੇ ਕੰਗਾਰੂਆਂ ਨੂੰ ਕੀਤਾ 108 ਦੌੜਾਂ 'ਤੇ ਢੇਰ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News