ਬੁਮਰਾਹ ਤੇ ਅਸ਼ਵਿਨ ਫਿੱਟ, ਕੋਹਲੀ ''ਤੇ ਨਜ਼ਰਾਂ
Wednesday, Aug 15, 2018 - 12:14 AM (IST)
ਲੰਡਨ— ਭਾਰਤੀ ਟੀਮ ਨੂੰ ਮੰਗਲਵਾਰ ਚੰਗੀ ਖਬਰ ਮਿਲੀ, ਜਦੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਫਿੱਟ ਐਲਾਨ ਕੀਤਾ ਗਿਆ ਤੇ ਉਹ ਇੰਗਲੈਂਡ ਵਿਰੁੱਧ ਨਾਟਿੰਘਮ ਵਿਚ ਤੀਜੇ ਟੈਸਟ ਵਿਚ ਚੋਣ ਲਈ ਉਪਲੱਬਧ ਹੋਵੇਗਾ। ਇੰਗਲੈਂਡ ਪਹਿਲੇ ਦੋ ਟੈਸਟ ਜਿੱਤ ਕੇ ਪੰਜ ਮੈਚਾਂ ਦੀ ਲੜੀ ਵਿਚ 2-0 ਨਾਲ ਅੱਗੇ ਚੱਲ ਰਿਹਾ ਹੈ। ਜੂਨ ਵਿਚ ਡਬਲਿਨ ਵਿਚ ਆਇਰਲੈਂਡ ਵਿਰੁੱਧ ਦੌਰੇ ਦਾ ਪਹਿਲਾ ਮੈਚ ਖੇਡਦੇ ਹੋਏ ਬੁਮਰਾਹ ਦੇ ਖੱਬੇ ਹੱਥ ਵਿਚ ਸੱਟ ਲੱਗ ਗਈ ਸੀ। ਉਹ ਇਸ ਤੋਂ ਬਾਅਦ ਖੱਬੇ ਅੰਗੂਠੇ ਵਿਚ ਫ੍ਰੈਕਚਰ ਕਾਰਨ ਇੰਗਲੈਂਡ ਵਿਰੁੱਧ ਟੀ-20 ਕੌਮਾਂਤਰੀ ਤੇ ਇਕ ਦਿਨਾ ਕੌਮਾਂਤਰੀ ਲੜੀ ਤੋਂ ਇਲਾਵਾ ਪਹਿਲੇ ਦੋ ਟੈਸਟਾਂ ਵਿਚ ਵੀ ਨਹੀਂ ਖੇਡ ਸਕਿਆ ਸੀ।

ਉਸ ਦੀ 4 ਜੁਲਾਈ ਨੂੰ ਲੀਡਸ ਵਿਚ ਸਰਜਰੀ ਹੋਈ, ਜਿਸ ਤੋਂ ਬਾਅਦ ਉਸ ਨੇ ਭਾਰਤ ਵਿਚ ਰਿਹੈਬਲੀਟੇਸ਼ਨ ਵਿਚ ਹਿੱਸਾ ਲਿਆ। ਉਸ ਨੂੰ ਇਸ ਤੋਂ ਬਾਅਦ ਟੈਸਟ ਲੜੀ ਲਈ ਭਾਰਤੀ ਟੀਮ ਨਾਲ ਜੋੜਿਆ ਗਿਆ। ਬੁਮਰਾਹ ਨੂੰ ਟੈਸਟ ਲੜੀ ਦੌਰਾਨ ਚੈਮਸਫੋਰਡ, ਬਰਮਿੰਘਮ ਤੇ ਲਾਰਡਸ ਵਿਚ ਨੈੱਟ 'ਤੇ ਸਮਾਂ ਬਿਤਾਉਂਦਿਆਂ ਦੇਖਿਆ ਗਿਆ। ਟੀਮ ਮੈਨੇਜਮੈਂਟ ਨੂੰ ਹਾਲਾਂਕਿ ਉਸ ਦੇ ਹੱਥ ਦਾ ਪਲੱਸਤਰ ਉਤਰਨ ਦਾ ਇੰਤਜ਼ਾਰ ਸੀ।
ਦੂਜੇ ਟੈਸਟ ਵਿਚ ਮੀਂਹ ਦੇ ਅੜਿੱਕੇ ਦੌਰਾਨ ਇਕ ਨੈੱਟ ਸੈਸ਼ਨ ਵਿਚ ਬੁਮਰਾਹ ਨੂੰ ਬਿਨਾਂ ਪਲੱਸਤਰ ਦੇ ਗੇਂਦਬਾਜ਼ੀ ਕਰਦਿਆਂ ਦੇਖਿਆ ਗਿਆ ਤੇ ਹੁਣ ਉਸ ਦੀ ਅਗਲੇ ਮੈਚ ਲਈ ਉਪਲੱਬਧੀ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਇਹ ਦੇਖਣਾ ਪਵੇਗਾ ਕਿ ਮੈਚ ਅਭਿਆਸ ਦੇ ਬਿਨਾਂ ਉਸ ਨੂੰ ਆਖਰੀ-11 ਵਿਚ ਜਗ੍ਹਾ ਮਿਲਦੀ ਹੈ ਜਾਂ ਨਹੀਂ।
ਇਸ ਵਿਚਾਲੇ ਆਰ. ਅਸ਼ਵਿਨ ਤੇ ਹਾਰਦਿਕ ਪੰਡਯਾ ਨੂੰ ਵੀ ਫਿੱਟ ਐਲਾਨ ਕੀਤਾ ਗਿਆ ਹੈ। ਦੂਜੇ ਟੈਸਟ ਵਿਚ ਦੂਜੀ ਪਾਰੀ 'ਚ ਬੱਲੇਬਾਜ਼ੀ ਦੌਰਾਨ ਇਨ੍ਹਾਂ ਦੋਵਾਂ ਦੇ ਸਿੱਧੇ ਹੱਥ ਦੀਆਂ ਉਂਗਲੀਆਂ 'ਤੇ ਗੇਂਦ ਲੱਗੀ ਸੀ। ਅਸ਼ਵਿਨ ਦੇ ਨਾਲ ਦੋ ਵਾਰ ਅਜਿਹਾ ਹੋਇਆ ਸੀ।
ਕਪਤਾਨ ਵਿਰਾਟ ਕੋਹਲੀ ਵੀ ਤੀਜੇ ਟੈਸਟ ਲਈ ਪੂਰੀ ਤਰ੍ਹਾਂ ਨਾਲ ਫਿੱਟ ਹੋਣ ਦੀ ਦੌੜ ਵਿਚ ਸ਼ਾਮਲ ਹੈ। ਉਸ ਨੇ ਆਪਣੀ ਉਪਲੱਬਧਤਾ ਦੀ ਪੁਸ਼ਟੀ ਕੀਤੀ ਹੈ ਪਰ ਕਿਹਾ ਕਿ ਸ਼ਾਇਦ ਵਿਕਟਾਂ ਦੇ ਵਿਚਾਲੇ ਦੌੜ ਜਾਂ ਫੀਲਡਿੰਗ ਦੌਰਾਨ ਉਹ ਆਪਣਾ ਸੌ ਫੀਸਦੀ ਨਾ ਦੇ ਸਕੇ। ਮੰਗਲਵਾਰ ਨੂੰ ਪੂਰੀ ਭਾਰਤੀ ਟੀਮ ਨੇ ਜਿਮ ਸੈਸ਼ਨ 'ਚ ਹਿੱਸਾ ਲਿਆ। ਸਾਰੇ ਖਿਡਾਰੀ ਤੇ ਕਪਤਾਨ ਇਸ ਸੈਸ਼ਨ ਵਿਚ ਸ਼ਾਮਲ ਹੋਏ।
