ਬਰੋਟ ਤੇ ਜਡੇਜਾ ਦੇ ਅਰਧ ਸੈਂਕੜੇ, ਪੁਜਾਰਾ ਰਿਟਾਇਰਡ ਹਰਟ

Tuesday, Mar 10, 2020 - 02:05 AM (IST)

ਬਰੋਟ ਤੇ ਜਡੇਜਾ ਦੇ ਅਰਧ ਸੈਂਕੜੇ, ਪੁਜਾਰਾ ਰਿਟਾਇਰਡ ਹਰਟ

ਰਾਜਕੋਟ— ਅਵੀ ਬਰੋਟ (54) ਅਤੇ ਵਿਸ਼ਵਰਾਜ ਜਡੇਜਾ (54) ਦੇ ਅਰਧ ਸੈਂਕੜਿਆਂ ਨਾਲ ਸੌਰਾਸ਼ਟਰ ਨੇ ਬੰਗਾਲ ਵਿਰੁੱਧ ਰਣਜੀ ਟਰਾਫੀ ਫਾਈਨਲ ਦੇ ਪਹਿਲੇ ਦਿਨ ਸੋਮਵਾਰ ਨੂੰ 5 ਵਿਕਟਾਂ ਗੁਆ ਕੇ 206 ਦੌੜਾਂ ਬਣਾ ਲਈਆਂ ਪਰ ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦੇ ਰਿਟਾਇਰਡ ਹਰਟ ਹੋਣ ਨਾਲ ਸੌਰਾਸ਼ਟਰ ਨੂੰ ਝਟਕਾ ਲੱਗ ਗਿਆ। ਪੁਜਾਰਾ 24 ਗੇਂਦਾਂ ਵਿਚ 1 ਚੌਕੇ ਦੀ ਮਦਦ ਨਾਲ 5 ਦੌੜਾਂ ਬਣਾ ਕੇ ਰਿਟਾਇਰਡ ਹੋਇਆ। ਚੋਟੀਕ੍ਰਮ ਦਾ ਬੱਲੇਬਾਜ਼ ਪੁਜਾਰਾ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰਿਆ ਸੀ। ਪਿੱਚ 'ਤੇ ਸੰਘਰਸ਼ ਕਰ ਰਹੇ ਪੁਜਾਰਾ ਨੂੰ ਡਿਹਾਈਡ੍ਰੇਸ਼ਨ ਦੇ ਕਾਰਣ ਮੈਦਾਨ ਵਿਚੋਂ ਬਾਹਰ ਜਾਣਾ ਪਿਆ।
ਸੌਰਾਸ਼ਟਰ ਦੇ ਕਪਤਾਨ ਜੈਦੇਵ ਉਨਾਦਕਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਰਵਿਕ ਦੇਸਾਈ ਤੇ ਬਰੋਟ ਨੇ ਪਹਿਲੀ ਵਿਕਟ ਲਈ 82 ਦੌੜਾਂ ਜੋੜ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਦੇਸਾਈ ਨੂੰ ਸ਼ਹਿਬਾਜ਼ ਅਹਿਮਦ ਨੇ ਆਊਟ ਕੀਤਾ। ਦੇਸਾਈ ਨੇ 111 ਗੇਂਦਾਂ ਵਿਚ 5 ਚੌਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ।
ਬਰੋਟ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਤੇਜ਼ ਗੇਂਦਬਾਜ਼ ਆਕਾਸ਼ਦੀਪ ਦਾ ਸ਼ਿਕਾਰ ਬਣਿਆ। ਬਰੋਟ ਨੇ 142 ਗੇਂਦਾਂ 'ਤੇ 54 ਦੌੜਾਂ ਵਿਚ 6 ਚੌਕੇ ਲਾਏ। ਜਡੇਜਾ ਨੇ ਅਰਪਿਤ ਵਾਸਵਦਾ  ਨਾਲ ਤੀਜੀ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਆਕਾਸ਼ ਨੇ ਜਡੇਜਾ ਨੂੰ ਬੋਲਡ ਕਰ ਕੇ ਬੰਗਾਲ ਨੂੰ ਤੀਜੀ ਸਫਲਤਾ ਦਿਵਾਈ। ਜਡੇਜਾ ਨੇ 92 ਗੇਂਦਾਂ 'ਤੇ 54 ਦੌੜਾਂ ਵਿਚ 4 ਚੌਕੇ ਲਾਏ।
ਇਸ਼ਾਨ ਪੋਰੇਲ ਨੇ ਸ਼ੈਲਡਨ ਜੈਕਸਨ ਨੂੰ ਐੱਲ. ਬੀ. ਡਬਲਯੂ. ਕੀਤਾ। ਜੈਕਸਨ ਨੇ 15 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ 15 ਦੌੜਾਂ ਬਣਾਈਆਂ। ਚੇਤਨ ਸਕਾਰੀਆ 4 ਦੌੜਾਂ ਬਣਾ ਕੇ ਆਕਾਸ਼ ਦੀ ਗੇਂਦ 'ਤੇ ਵਿਕਟਕੀਪਰ ਰਿਧੀਮਾਨ ਸਾਹਾ ਨੂੰ ਕੈਚ ਦੇ ਬੈਠਾ। ਸਕਾਰੀਆ  ਦੇ ਆਊਟ ਹੁੰਦੇ ਹੀ ਦਿਨ ਦੀ ਖੇਡ ਖਤਮ ਹੋ ਗਈ। ਇਸ ਤੋਂ ਪਹਿਲਾਂ ਪੁਜਾਰਾ ਰਿਟਾਇਰਡ ਹਰਟ ਹੋ ਕੇ ਪੈਵੇਲੀਅਨ ਪਰਤ ਗਿਆ ਸੀ। ਸਟੰਪਸ ਦੇ ਸਮੇਂ ਵਾਸਵਦਾ 94 ਗੇਂਦਾਂ 'ਤੇ 3 ਚੌਕਿਆਂ ਨਾਲ 29 ਦੌੜਾਂ ਬਣਾ ਕੇ ਕ੍ਰੀਜ਼ 'ਤੇ  ਸੀ। ਬੰਗਾਲ ਵੱਲੋਂ ਆਕਾਸ਼ ਨੇ 41 ਦੌੜਾਂ 'ਤੇ 3 ਵਿਕਟਾਂ ਲਈਆਂ ਜਦਕਿ ਪੋਰੇਲ ਤੇ ਸ਼ਾਹਬਾਜ਼ ਨੂੰ ਇਕ-ਇਕ ਵਿਕਟ ਮਿਲੀ।


author

Gurdeep Singh

Content Editor

Related News