ਬ੍ਰੈੱਟ ਲੀ ਨੇ ''ਹਿੰਦੀ'' ਸ਼ਬਦਾਂ ਦਾ ਇਸਤੇਮਾਲ ਕਰ ਕੇ ਦਰਸ਼ਕਾਂ ਦਾ ਕੀਤਾ ਮਨੋਰੰਜਨ

Thursday, Sep 05, 2019 - 09:59 PM (IST)

ਬ੍ਰੈੱਟ ਲੀ ਨੇ ''ਹਿੰਦੀ'' ਸ਼ਬਦਾਂ ਦਾ ਇਸਤੇਮਾਲ ਕਰ ਕੇ ਦਰਸ਼ਕਾਂ ਦਾ ਕੀਤਾ ਮਨੋਰੰਜਨ

ਅਹਿਮਦਾਬਾਦ- ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈੱਟ ਲੀ ਨੇ ਵੀਰਵਾਰ ਨੂੰ ਇੱਥੇ ਇਕ ਪ੍ਰੋਗਰਾਮ ਦੌਰਾਨ ਹਿੰਦੀ ਸ਼ਬਦਾਂ ਤੇ ਵਾਕਾਂ ਦੇ ਇਸੇਤਮਾਲ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। 42 ਸਾਲਾ ਲੀ, ਜਿਸ ਨੇ ਭਾਰਤ ਵਿਚ ਕਾਫੀ ਸਮਾਂ ਬਿਤਾਇਆ ਹੈ, ਨੇ ਇੱਥੇ ਬੀ. ਜੇ. ਮੈਡੀਕਲ ਕਾਲਜ 'ਚ ਇਕ ਪ੍ਰੋਗਰਾਮ ਵਿਚ ਆਪਣੇ ਸੰਬੋਧਨ ਵਿਚ ਦਰਸ਼ਕਾਂ ਨਾਲ ਗੱਲਬਾਤ ਦੌਰਾਨ ਹਿੰਦੀ ਸ਼ਬਦਾਂ ਦਾ ਚਲਾਕੀ ਨਾਲ ਇਸਤੇਮਾਲ ਕਰ ਕੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ। ਲੋਕਾਂ ਨੇ ਵੀ ਖੂਬ ਤਾੜੀਆਂ ਵਜਾ ਕੇ ਉਸਦੇ ਹਿੰਦੀ ਗਿਆਨ ਦੀ ਸ਼ਲਾਘਾ ਕੀਤੀ। ਲੀ ਤੋਂ ਜਦੋਂ ਪੁੱਛਿਆ ਗਿਆ ਕਿ ਕਿਸ ਭਾਰਤੀ ਖਿਡਾਰੀ ਤੋਂ ਉਸ ਨੂੰ ਡਰ ਲੱਗਦਾ ਹੈ ਤਾਂ ਉਸ ਨੇ ਜਵਾਬ ਦੇਣ ਤੋਂ ਪਹਿਲਾਂ ਹਿੰਦੀ ਵਿਚ ਕਿਹਾ, ''ਆਰਾਮ ਨਾਲ, ਆਰਾਮ ਨਾਲ''। ਉਸ ਨੇ ਉਥੇ ਆਏ ਇਕ ਛੋਟੇ ਬੱਚੇ ਦਾ ਵੀ ਹਿੰਦੀ ਵਿਚ ਸਵਾਗਤ ਕੀਤਾ ਤੇ ਕਿਹਾ ਕਿ ਉਸ ਨੂੰ ਗੁਜਰਾਤੀ ਤਾਂ ਨਹੀਂ ਆਉਂਦੀ ਪਰ ਹਿੰਦੀ 'ਥੋੜ੍ਹੀ-ਥੋੜ੍ਹੀ' ਆਉਂਦੀ ਹੈ।
ਪੂਰਾ ਪ੍ਰੋਗਰਾਮ ਹਾਸੇ ਨਾਲ ਉਸ ਸਮੇਂ ਗੂੰਜ ਉਠਿਆ ਜਦੋਂ ਲੀ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਉਸ ਤੋਂ ਆਖਰੀ ਸਵਾਲ ਪਿਛਲੀ ਲਾਈਨ ਵਿਚ ਕੋਈ 'ਸੁੰਦਰ ਜਿਹੀ ਲਰਕੀ (ਲੜਕੀ)' ਪੁੱਛੇ ਤੇ ਜਦੋਂ ਇਕ ਲੜਕੇ ਨੇ ਅਜਿਹਾ ਕਰਨਾ ਸ਼ੁਰੂ ਕੀਤਾ ਤਾਂ ਉਸ ਨੇ ਕਿਹਾ, 'ਓਹ ਯੇ ਤੋ ਲਰਕਾ (ਲੜਕਾ) ਹੈ।' ਉਸ ਨੇ 'ਖੁਸ਼ੀ ਹੋਈ' ਤੇ 'ਜੀਤੇਗਾ ਇੰਡੀਆ' ਵਰਗੇ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ। ਦਰਸ਼ਕ ਇਕ ਵਾਰ ਫਿਰ ਹੱਸ-ਹੱਸ ਕੇ ਦੋਹਰੇ ਹੋਣ ਲੱਗੇ, ਜਦੋਂ ਲੀ ਨੇ ਆਪਣੇ ਨਾਲ ਆਏ ਇਕ ਵਿਦੇਸ਼ੀ ਵਿਅਕਤੀ ਨੂੰ 'ਗੋਰਾ ਤੇ ਫਿਰੰਗੀ' ਕਹਿ ਕੇ ਸੰਬੋਧਤ ਕੀਤਾ।


author

Gurdeep Singh

Content Editor

Related News