ਰੀਓ ਓਲੰਪਿਕ ਨੂੰ ਲੈ ਕੇ ਬ੍ਰਾਜ਼ੀਲ ਪੁਲਸ ਦਾ ਵੱਡਾ ਖੁਲਾਸਾ!

09/06/2017 5:00:14 PM

ਰੀਓ ਦਿ ਜਿਨੇਰੀਓ— ਬ੍ਰਾਜੀਲ ਪੁਲਸ ਅਧਿਕਾਰੀਆਂ ਨੇ ਰੀਓ ਓਲੰਪਿਕ 2016 ਨੂੰ ਲੈ ਕੇ ਵੱਡਾ ਖੁਲਾਸਾ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਦੇ ਓਲੰਪਿਕ ਪ੍ਰਮੁੱਖ ਨੇ ਕੌਮਾਂਤਰੀ ਓਲੰਪਿਕ ਕਮੇਟੀ ਨੂੰ ਰਿਸ਼ਵਤ ਦੇ ਕੇ ਰੀਓ ਓਲੰਪਿਕ ਦੀ ਮੇਜ਼ਬਾਨੀ ਹਾਸਲ ਕਰਨ ਦੀ ਸਾਜਿਸ਼ ਰਚੀ ਸੀ। ਬ੍ਰਾਜ਼ੀਲ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਕੌਮਾਂਤਰੀ ਭ੍ਰਿਸ਼ਟਾਚਾਰ ਦੀ ਜਾਂਚ ਕਰ ਰਹੇ ਹਨ ਜੋ 2016 ਓਲੰਪਿਕ ਦੀ ਮੇਜ਼ਬਾਨੀ ਰੀਓ ਨੂੰ ਦੇਣ ਲਈ ਵੋਟ ਖ੍ਰੀਦਣ ਦੇ ਮਕਸਦ ਨਾਲ ਕੀਤਾ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਕਈ ਦੇਸ਼ਾਂ ਵਿਚ 9 ਮਹੀਨੇ ਤੱਕ ਕੀਤੀ ਗਈ ਜਾਂਚ ਵਿਚ ਪਤਾ ਚਲਿਆ ਹੈ ਕਿ ਕੁਝ ਗੜਬੜੀ ਹੋਈ ਹੈ। ਪੁਲਸ ਨੇ ਕਿਹਾ ਕਿ ਬ੍ਰਾਜ਼ੀਲ ਓਲੰਪਿਕ ਦੇ ਪ੍ਰਮੁੱਖ ਕਾਰਲੋਸ ਨੁਜਮੈਨ ਨੂੰ ਪੁੱਛ-ਗਿਛ ਲਈ ਬੁਲਾਇਆ ਗਿਆ ਅਤੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ। ਨੁਜਮੈਨ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹਾਲਾਂਕਿ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ।
ਇਸਦੇ ਇਲਾਵਾ ਪੇਸ਼ਾਵਰ ਆਰਥਰ ਸੋਰੇਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਜਿਸਨੂੰ ਰੀਓ ਸਰਕਾਰ ਨੇ ਓਲੰਪਿਕ ਤੋਂ ਪਹਿਲਾਂ ਮੋਟੀ ਰਕਮ ਵਾਲੇ ਠੇਕੇ ਦਿੱਤੇ ਸਨ। ਉਨ੍ਹਾਂ ਦੀ ਸਾਬਕਾ ਸਾਥੀ ਏਲੀਏਨੇ ਪਰੇਰਾ ਕਾਵਾਲਕੇਂਟੇ ਨੂੰ ਵੀ ਰੀਓ ਵਿਚ ਗ੍ਰਿਫਤਾਰ ਕੀਤਾ ਗਿਆ। ਉੱਧਰ ਸਵੀਟਜ਼ਰਲੈਂਡ ਦੇ ਲੁਸਾਨੇ ਵਿਚ ਆਈ.ਓ.ਸੀ. ਦੇ ਇਕ ਬੁਲਾਰੇ ਨੇ ਹੈਰਾਨੀ ਜਿਤਾਉਂਦੇ ਹੋਏ ਕਿਹਾ ਕਿ ਆਈ.ਓ.ਸੀ. ਨੂੰ ਮੀਡੀਆ ਵਲੋਂ ਇਸਦੇ ਬਾਰੇ ਵਿਚ ਪਤਾ ਲੱਗਾ ਹੈ ਅਤੇ ਅਸੀ ਪੂਰੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਆਈ.ਓ.ਸੀ. ਨੂੰ ਇਸ ਮਾਮਲੇ ਵਿਚ ਸਪਸ਼ਟੀਕਰਨ ਹਾਸਲ ਕਰਨਾ ਹੀ ਹੋਵੇਗਾ।


Related News