ਜਿੱਤ ਦਾ ਜਸ਼ਨ ਮਨਾਉਣਾ ਪਿਆ ਮਹਿੰਗਾ, ਸੱਟ ਦਾ ਸ਼ਿਕਾਰ ਹੋ ਓਲੰਪਿਕ ਤੋਂ ਬਾਹਰ ਹੋਇਆ ਮੁੱਕੇਬਾਜ਼
Sunday, Aug 01, 2021 - 12:46 PM (IST)
ਸਪੋਰਟਸ ਡੈਸਕ– ਕਦੀ-ਕਦੀ ਜ਼ਰੂਰਤ ਤੋਂ ਜ਼ਿਆਦਾ ਖ਼ੁਸ਼ੀ ਵੀ ਭਾਰੀ ਪੈ ਸਕਦੀ ਹੈ ਤੇ ਅਜਿਹਾ ਹੀ ਨਜ਼ਾਰਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਆਇਰਲੈਂਡ ਦਾ ਮੁੱਕੇਬਾਜ਼ ਐਡੇਨ ਵਾਲਸ਼ ਕੁਆਰਟਰ ਫਾਈਨਲ ’ਚ ਮਿਲੀ ਜਿੱਤ ਦਾ ਜਸ਼ਨ ਮਨਾਉਣ ਦੇ ਚੱਕਰ ’ਚ ਸੱਟ ਦਾ ਸ਼ਿਕਾਰ ਹੋ ਕੇ ਓਲੰਪਿਕ ਤੋਂ ਬਾਹਰ ਹੋ ਗਿਆ।
ਮੁੱਕੇਬਾਜ਼ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਵਾਲਸ਼ ਬ੍ਰਿਟੇਨ ਦੇ ਪੈਟ ਮੈਕੋਰਮੈਕ ਖ਼ਿਲਾਫ਼ ਸੈਮੀਫਾਈਨਲ ਮੁਕਾਬਲੇ ’ਚ ਪਹਿਲਾਂ ਮੈਡੀਕਲ ਚੈੱਕ ਇਨ ਲਈ ਨਹੀਂ ਆਏ ਜਿਸ ਨਾਲ ਉਨ੍ਹਾਂ ਦੇ ਵਿਰੋਧੀ ਨੂੰ ਫਾਈਨਲ ’ਚ ਵਾਕਓਵਰ ਮਿਲ ਗਿਆ। ਵਾਲਸ਼ ਨੂੰ ਅਜੇ ਵੀ ਕਾਂਸੀ ਤਮਗ਼ਾ ਮਿਲੇਗਾ ਪਰ ਉਸ ਨੂੰ ਸੋਨ ਤਮਗ਼ਾ ਜਿੱਤਣ ਦਾ ਮੌਕਾ ਗੁਆ ਦਿੱਤਾ।
ਕੁਆਰਟਰ ਫ਼ਾਈਨਲ ’ਚ ਮਾਰੀਸ਼ਸ ਦੇ ਮਰਵੇਨ ਕਲੇਅਰ ’ਤੇ ਮਿਲੀ ਜਿੱਤ ਦੇ ਬਾਅਦ ਉਸ ਨੇ ਖ਼ੁਸ਼ੀ ਕਾਰਨ ਇੰਨੀ ਬੁਰੀ ਤਰ੍ਹਾਂ ਜੰਪ ਕੀਤਾ ਕਿ ਟਖਨੇ ’ਤੇ ਸੱਟ ਲਗ ਗਈ। ਆਇਰਲੈਂਡ ਦੀ ਟੀਮ ਨੇ ਪੁਸ਼ਟੀ ਕੀਤੀ ਕਿ ਸੱਟ ਕਾਰਨ ਉਹ ਓਲੰਪਿਕ ਤੋਂ ਬਾਹਰ ਗਿਆ ਹੈ।