ਬੋਪੰਨਾ ਨੇ ਰੈਂਕਿੰਗ ''ਚ ਲਗਾਈ ਲੰਬੀ ਛਲਾਂਗ, ਪ੍ਰਜਨੇਸ਼ 91ਵੇਂ ਸਥਾਨ ''ਤੇ ਆ ਖਿਸਕੇ
Tuesday, Aug 13, 2019 - 02:31 PM (IST)

ਸਪੋਰਟਸ ਡੈਸਕ— ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਏ.ਟੀ. ਪੀ. ਮਾਂਟਰੀਅਲ ਮਾਸਟਰਸ ਦੇ ਸੈਮੀਫਾਈਨਲ 'ਚ ਪੁੱਜਣ ਦੇ ਕਾਰਨ ਏ. ਟੀ. ਪੀ. ਦੀ ਤਾਜ਼ਾ ਵਰਲਡ ਰੈਂਕਿੰਗ 'ਚ ਸੱਤ ਸਥਾਨ ਦੀ ਲੰਬੀ ਛਲਾਂਗ ਲਾ ਕੇ ਪੁਰਸ਼ ਡਬਲ 'ਚ 39ਵੇਂ ਸਥਾਨ 'ਤੇ ਪਹੁੰਚ ਗਏ ਹਨ ਜੋ ਪਿਛਲੇ 14 ਹਫ਼ਤਿਆਂ 'ਚ ਉਨ੍ਹਾਂ ਦੀ ਸਭ ਤੋਂ ਚੰਗੀ ਰੈਂਕਿੰਗ ਹੈ। ਬੋਪੰਨਾ ਤੇ ਉਨ੍ਹਾਂ ਦੇ ਜੋੜੀਦਾਰ ਡੇਨਿਸ ਸ਼ਾਪੋਵਾਲੋਵ ਇਸ ਏ. ਟੀ. ਪੀ. ਟੂਰਨਾਮੈਂਟ ਦੇ ਪੁਰਸ਼ ਜੋੜਾ ਸੈਮੀਫਾਈਨਲ 'ਚ ਰੋਬਿਨ ਹਸ ਤੇ ਵੇਸਲੇ ਕੂਲਹੋਫ ਦੀ ਨੀਦਰਲੈਂਡ ਦੀ ਜੋੜੀ ਤੋਂ 6-7 3-7,6-7 ਨਾਲ ਹਾਰ ਗਏ ਸਨ। ਇਸ ਹਾਰ ਦੇ ਬਾਵਜੂਦ ਬੋਪੰਨਾ ਨੂੰ ਰੈਂਕਿੰਗ 'ਚ ਫਾਇਦਾ ਹੋਇਆ ਤੇ ਉਹ ਆਪਣੇ ਅੰਕਾਂ ਦੀ ਗਿਣਤੀ 2065 ਤੱਕ ਪਹੁੰਚਾਉਣ 'ਚ ਸਫਲ ਰਹੇ।
ਪੁਰਸ਼ ਡਬਲ ਰੈਂਕਿੰਗ 'ਚ ਦਿਵਿਜ ਸ਼ਰਨ 47ਵੇਂ ਤੇ ਲਿਏਂਡਰ ਪੇਸ 71ਵੇਂ ਸਥਾਨ 'ਤੇ ਬਣੇ ਹੋਏ ਹਨ। ਜੀਵਨ ਨੇਦੁਚੇਝਿਅਨ (ਇਕ ਸਥਾਨ ਹੇਠਾਂ 85ਵੇਂ) ਤੇ ਪੁਰਵ ਰਾਜਾ (ਇਕ ਸਥਾਨ ਹੇਠਾਂ 86ਵੇਂ) ਟਾਪ 100 'ਚ ਹੋਰ ਭਾਰਤੀ ਸ਼ਾਮਲ ਹਨ। ਸਿੰਗਲ ਵਰਗ 'ਚ ਪ੍ਰਜਨੇਸ਼ ਗੁਣੇਸ਼ਵਰਨ 91ਵੇਂ ਸਥਾਨ 'ਤੇ ਖਿਸਕ ਗਏ ਹਨ। ਸਾਕੇਤ ਮਇਨੇਨੀ 21 ਸਥਾਨ ਉਪਰ ਚੜ੍ਹ ਕੇ 250ਵੇਂ ਸਥਾਨ 'ਤੇ ਪਹੁੰਚ ਗਏ ਹਨ। ਮਇਨੇਨੀ ਭਾਰਤੀ ਡੇਵੀਸ ਕੱਪ ਟੀਮ ਦਾ ਹਿੱਸਾ ਹਨ। ਮਹਿਲਾ ਸਿੰਗਲ ਵਰਗ 'ਚ ਅੰਕਿਤਾ ਰੈਨਾ ਦੋ ਸਥਾਨ ਹੇਠਾਂ 197ਵੇਂ ਰੈਂਕਿੰਗ 'ਤੇ ਖਿਸਕ ਗਈ ਹੈ।