ਪਾਕਿਸਤਾਨ ਨੂੰ ਵੱਡੀ ਰਾਹਤ, ਵਿਸ਼ਵ ਕੱਪ ਲਈ ਭਾਰਤੀ ਵੀਜ਼ਾ ਹੋਇਆ ਜਾਰੀ

09/26/2023 11:22:09 AM

ਇੰਦੌਰ- ਪਾਕਿਸਤਾਨ ਕ੍ਰਿਕਟ ਟੀਮ ਦੇ ਮੈਂਬਰਾਂ ਨੂੰ ਵਨਡੇ ਵਿਸ਼ਵ ਕੱਪ ਲਈ ਭਾਰਤੀ ਵੀਜ਼ਾ ਜਾਰੀ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਵੱਲੋਂ ਰਾਸ਼ਟਰੀ ਟੀਮ ਦੀ ਹੈਦਰਾਬਾਦ ਯਾਤਰਾ ਵਿੱਚ ਦੇਰੀ ਨੂੰ ਲੈ ਕੇ ਵਿਸ਼ਵਵਿਆਪੀ ਸੰਸਥਾ ਨਾਲ ਗੰਭੀਰ ਚਿੰਤਾਵਾਂ ਉਠਾਏ ਜਾਣ ਦੇ ਕੁਝ ਘੰਟਿਆਂ ਬਾਅਦ ਆਈਸੀਸੀ ਨੇ ਵੀਜ਼ਾ ਜਾਰੀ ਹੋਣ ਦੀ ਪੁਸ਼ਟੀ ਕੀਤੀ। ਪਾਕਿਸਤਾਨ ਦੀ ਟੀਮ 27 ਸਤੰਬਰ ਨੂੰ ਤੜਕੇ ਭਾਰਤ ਲਈ ਰਵਾਨਾ ਹੋਵੇਗੀ। ਟੀਮ ਨੂੰ ਤੈਅ ਯਾਤਰਾ ਤੋਂ 48 ਘੰਟੇ ਪਹਿਲਾਂ ਵੀਜ਼ਾ ਦੀ ਮਨਜ਼ੂਰੀ ਮਿਲ ਗਈ। ਪਾਕਿਸਤਾਨ ਆਪਣਾ ਪਹਿਲਾ ਅਭਿਆਸ ਮੈਚ 29 ਸਤੰਬਰ ਨੂੰ ਹੈਦਰਾਬਾਦ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਖੇਡੇਗਾ। ਆਈਸੀਸੀ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਨੂੰ ਵੀਜ਼ਾ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਵੀਜ਼ਾ ਜਾਰੀ ਕਰਨ ਨੂੰ ਲੈ ਕੇ ਪਾਕਿਸਤਾਨੀ ਕੈਂਪ 'ਚ ਭੰਬਲਭੂਸਾ ਬਣਿਆ ਹੋਇਆ ਹੈ। ਪੀਸੀਬੀ ਦੇ ਬੁਲਾਰੇ ਉਮਰ ਫਾਰੂਕ ਨੇ ਕਿਹਾ ਕਿ ਸਾਨੂੰ ਅਜੇ ਤੱਕ ਵੀਜ਼ਾ ਮਨਜ਼ੂਰੀ ਨੂੰ ਲੈ ਕੇ ਭਾਰਤੀ ਹਾਈ ਕਮਿਸ਼ਨ ਤੋਂ ਕੋਈ ਕਾਲ ਨਹੀਂ ਆਈ ਹੈ। ਸਾਡੀ ਟੀਮ ਦੇ ਮੈਂਬਰ ਉੱਥੇ ਮੌਜੂਦ ਹਨ।

ਇਹ ਵੀ ਪੜ੍ਹੋ : ਭਾਰਤੀ ਹਾਕੀ ਟੀਮ ਨੇ ਸਿੰਗਾਪੁਰ ਨੂੰ 16.1 ਨਾਲ ਹਰਾਇਆ
ਆਈਸੀਸੀ ਨੇ ਵੀਜ਼ਾ ਜਾਰੀ ਕਰਨ ਦੀ ਪੁਸ਼ਟੀ ਉਸ ਸਮੇਂ ਕੀਤੀ ਜਦੋਂ ਪੀਸੀਬੀ ਨੇ ਆਈਸੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜਿਓਫ ਐਲਾਰਡਿਸ ਨੂੰ ਸੰਬੋਧਿਤ ਇੱਕ ਪੱਤਰ ਵਿੱਚ ਦਾਅਵਾ ਕੀਤਾ ਕਿ ਇਸ 'ਚ ਦੇਰੀ ਨਾਲ ਟੀਮ ਦੀ ਤਿਆਰੀ ਪ੍ਰਭਾਵਿਤ ਹੋ ਰਹੀ ਹੈ। ਪਾਕਿਸਤਾਨ ਨੇ ਅਭਿਆਸ ਮੈਚ ਲਈ 27 ਸਤੰਬਰ ਨੂੰ ਹੈਦਰਾਬਾਦ ਪਹੁੰਚਣ ਤੋਂ ਪਹਿਲਾਂ ਦੁਬਈ ਵਿੱਚ ਦੋ ਦਿਨਾਂ 'ਟੀਮ ਬਾਂਡਿੰਗ' ਸੈਸ਼ਨ ਦਾ ਆਯੋਜਨ ਕਰਨਾ ਸੀ। ਭਾਰਤੀ ਵੀਜ਼ਿਆਂ ਨੂੰ ਲੈ ਕੇ ਅਨਿਸ਼ਚਿਤਤਾ ਕਾਰਨ ਦੁਬਈ ਸਮਾਗਮ ਰੱਦ ਕਰ ਦਿੱਤਾ ਗਿਆ ਹੈ।
ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਹੈਦਰਾਬਾਦ 'ਚ ਦੋ ਅਭਿਆਸ ਮੈਚਾਂ ਤੋਂ ਬਾਅਦ ਵਿਸ਼ਵ ਕੱਪ ਦੇ ਇੰਨੇ ਹੀ ਮੈਚ ਖੇਡੇਗੀ। ਟੀਮ ਨੇ ਆਪਣਾ ਪਹਿਲਾ ਅਭਿਆਸ ਮੈਚ 29 ਸਤੰਬਰ ਨੂੰ ਨਿਊਜ਼ੀਲੈਂਡ ਖਿਲਾਫ ਖੇਡਣਾ ਹੈ। ਪੀਸੀਬੀ ਨੇ ਆਈਸੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜਿਓਫ ਐਲਾਰਡਿਸ ਨੂੰ ਸੰਬੋਧਿਤ ਇੱਕ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਵਿਸ਼ਵ ਕੱਪ ਲਈ ਖਿਡਾਰੀਆਂ, ਟੀਮ ਅਧਿਕਾਰੀਆਂ, ਪ੍ਰਸ਼ੰਸਕਾਂ ਅਤੇ ਪੱਤਰਕਾਰਾਂ ਨੂੰ ਦਿੱਤੇ ਗਏ ਵੀਜ਼ੇ ਨੂੰ ਲੈ ਕੇ ਉਸ ਦੀਆਂ ਚਿੰਤਾਵਾਂ ਨੂੰ 3 ਸਾਲਾਂ ਤੋਂ ਵੱਧ ਸਮੇਂ ਤੋਂ ਦੂਰ ਨਹੀਂ ਕੀਤਾ ਗਿਆ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਨਾਲ ਅਜਿਹਾ ਅਸਮਾਨ ਵਿਵਹਾਰ ਸਵੀਕਾਰ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਦਿਵਿਆਂਸ਼ ਅਤੇ ਰਮਿਤਾ ਦੀ ਜੋੜੀ ਰੋਮਾਂਚਕ ਮੁਕਾਬਲੇ ਤੋਂ ਬਾਅਦ ਤਮਗੇ ਤੋਂ ਖੁੰਝੀ
ਫਾਰੂਕ ਨੇ ਕਿਹਾ ਕਿ ਆਈਸੀਸੀ ਵਿਸ਼ਵ ਕੱਪ ਲਈ ਪਾਕਿਸਤਾਨੀ ਟੀਮ ਨੂੰ ਮਨਜ਼ੂਰੀ ਮਿਲਣ ਅਤੇ ਭਾਰਤੀ ਵੀਜ਼ਾ ਹਾਸਲ ਕਰਨ ਵਿੱਚ ਅਸਧਾਰਨ ਦੇਰੀ ਹੋਈ ਹੈ। ਅਸੀਂ ਆਈਸੀਸੀ ਨੂੰ ਪੱਤਰ ਲਿਖ ਕੇ ਪਾਕਿਸਤਾਨ ਦੇ ਅਸਮਾਨ ਵਿਵਹਾਰ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਵਿਸ਼ਵ ਕੱਪ ਪ੍ਰਤੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੂੰ ਯਾਦ ਕਰਾਇਆ ਹੈ। ਇਹ ਨਿਰਾਸ਼ਾਜਨਕ ਹੈ ਕਿ ਪਾਕਿਸਤਾਨੀ ਟੀਮ ਨੂੰ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਅਨਿਸ਼ਚਿਤਤਾ 'ਚੋਂ ਗੁਜ਼ਰਨਾ ਪੈ ਰਿਹਾ ਹੈ।
ਪਾਕਿਸਤਾਨ ਦੀ ਟੀਮ ਨੇ ਆਖਰੀ ਵਾਰ ਭਾਰਤ ਵਿੱਚ 2016 ਦੇ ਟੀ-20 ਵਿਸ਼ਵ ਕੱਪ ਵਿੱਚ ਹਿੱਸਾ ਲਿਆ ਸੀ। ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਦੇ ਕਾਰਨ, ਕ੍ਰਿਕਟ ਟੀਮਾਂ ਏਸ਼ੀਆ ਕੱਪ ਅਤੇ ਆਈਸੀਸੀ ਟੂਰਨਾਮੈਂਟਾਂ ਵਿੱਚ ਹੀ ਇੱਕ ਦੂਜੇ ਵਿਰੁੱਧ ਖੇਡਦੀਆਂ ਹਨ। ਪੀਸੀਬੀ ਦੇ ਸੂਤਰਾਂ ਨੇ ਦੱਸਿਆ ਕਿ ਦੁਬਈ ਦੀ ਯਾਤਰਾ ਰੱਦ ਹੋਣ ਤੋਂ ਬਾਅਦ ਕਰੀਬ 35 ਮੈਂਬਰੀ ਪਾਕਿਸਤਾਨੀ ਦਲ ਦੀਆਂ ਉਡਾਣਾਂ ਦੀਆਂ ਟਿਕਟਾਂ ਮੁੜ ਬੁੱਕ ਕੀਤੀਆਂ ਗਈਆਂ ਹਨ।
ਇੱਕ ਸੂਤਰ ਨੇ ਕਿਹਾ ਕਿ ਜਿੱਥੋਂ ਤੱਕ ਵਿਸ਼ਵ ਕੱਪ ਲਈ ਟੀਮ ਦੀ ਤਿਆਰੀ ਦਾ ਸਵਾਲ ਹੈ, ਵੀਜ਼ਾ ਵਿੱਚ ਦੇਰੀ ਕਾਰਨ ਇਕ ਝਟਕਾ ਲੱਗਾ ਹੈ। ਅਭਿਆਸ ਮੈਚ ਲਈ 4 ਦਿਨ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਖਿਡਾਰੀ ਅਨਿਸ਼ਚਿਤਤਾ ਦੀ ਸਥਿਤੀ ਵਿੱਚ ਹਨ। ਉਨ੍ਹਾਂ ਕਿਹਾ ਕਿ ਜੇਕਰ ਖਿਡਾਰੀ ਇਸ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਤਾਂ ਪ੍ਰਸ਼ੰਸਕਾਂ ਅਤੇ ਪੱਤਰਕਾਰਾਂ ਦੀਆਂ ਵੀਜ਼ਾ ਅਰਜ਼ੀਆਂ ਦਾ ਕੀ ਹੋਵੇਗਾ। ਪਾਕਿਸਤਾਨ ਸਪੋਰਟਸ ਵੀਜ਼ਾ ਬਿਨੈਕਾਰਾਂ ਨੂੰ ਤਿੰਨ ਮੰਤਰਾਲਿਆਂ (ਗ੍ਰਹਿ, ਵਿਦੇਸ਼ ਅਤੇ ਖੇਡ) ਤੋਂ ਮਨਜ਼ੂਰੀ ਦੀ ਲੋੜ ਹੁੰਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


Aarti dhillon

Content Editor

Related News