IND vs ENG ; 5ਵੇਂ ਟੈਸਟ ''ਚ ਇੰਗਲੈਂਡ ਨੂੰ ਲੱਗਾ ਵੱਡਾ ਝਟਕਾ, ਧਾਕੜ ਖਿਡਾਰੀ ਪੂਰੇ ਮੈਚ ''ਚੋਂ ਹੋਇਆ ਬਾਹਰ
Saturday, Aug 02, 2025 - 10:12 AM (IST)

ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ 5 ਟੈਸਟ ਮੈਚਾਂ ਦੀ ਲੜੀ ਦੇ ਆਖ਼ਰੀ ਮੈਚ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੰਗਲੈਂਡ ਦਾ ਧਾਕੜ ਖਿਡਾਰੀ ਕ੍ਰਿਸ ਵੋਕਸ ਇਸ ਟੈਸਟ ਮੈਚ ਦੇ ਪਹਿਲੇ ਦਿਨ ਲਗਾਈ ਗਈ ਡਾਈਵ ਦੌਰਾਨ ਅਜੀਬ ਤਰੀਕੇ ਨਾਲ ਜ਼ਮੀਨ 'ਤੇ ਜਾ ਡਿੱਗਾ, ਜਿਸ ਕਾਰਨ ਉਸ ਨੂੰ ਮੋਢੇ 'ਤੇ ਸੱਟ ਲੱਗ ਗਈ।
ਇਸ ਸੱਟ ਮਗਰੋਂ ਉਹ ਬਾਕੀ ਮੈਚ 'ਚੋਂ ਬਾਹਰ ਹੋ ਗਿਆ ਹੈ। ਇੰਗਲੈਂਡ ਦੇ ਵੇਲਸ ਕ੍ਰਿਕਟ ਬੋਰਡ ਨੇ ਸ਼ੁੱਕਰਵਾਰ ਨੂੰ ਦੂਜੇ ਦਿਨ ਦੀ ਖੇਡ ਤੋਂ ਪਹਿਲਾਂ ਇਕ ਬਿਆਨ ਵਿਚ ਕਿਹਾ ਕਿ ਇਸ ਸਮੇਂ ਉਹ ਸੱਟ ਕਾਰਨ ਬਾਕੀ ਮੁਕਾਬਲੇ 'ਚ ਹਿੱਸਾ ਨਹੀਂ ਲੈ ਸਕੇਗਾ।
ਵੋਕਸ ਨੂੰ ਭਾਰਤ ਦੀ ਪਹਿਲੀ ਪਾਰੀ ਦੇ 57ਵੇਂ ਓਵਰ ਵਿਚ ਫੀਲਡਿੰਗ ਕਰਦੇ ਸਮੇਂ ਸੱਟ ਲੱਗੀ ਸੀ। ਉਸ ਨੇ ਮਿਡ ਆਫ 'ਤੇ ਗੇਂਦ ਦਾ ਪਿੱਛਾ ਕੀਤਾ ਤੇ ਡਾਈਵ ਲਾ ਕੇ ਗੇਂਦ ਨੂੰ ਵਾਪਸ ਬਾਊਂਡਰੀ ਦੇ ਅੰਦਰ ਖਿੱਚ ਲਿਆ ਪਰ ਉਹ ਅਜੀਬ ਤਰ੍ਹਾਂ ਨਾਲ ਜ਼ਮੀਨ 'ਤੇ ਡਿੱਗ ਗਿਆ ਤੇ ਤੁਰੰਤ ਹੀ ਆਪਣਾ ਮੋਢਾ ਫੜੇ ਦਿਖਾਈ ਦਿੱਤਾ।
ਇੰਗਲੈਂਡ, ਜੋ ਕਿ ਪਹਿਲਾਂ ਤੋਂ ਹੀ ਇਸ ਮੈਚ ਵਿਚ ਬੇਨ ਸਟੋਕਸ ਤੇ ਜੋਫਰਾ ਆਰਚਰ ਤੋਂ ਬਗ਼ੈਰ ਖੇਡ ਰਿਹਾ ਹੈ, ਕੋਲ ਹੁਣ ਸਿਰਫ ਤਿੰਨ ਤੇਜ਼ ਗੇਂਦਬਾਜ਼ ਬਚੇ ਹਨ, ਜਿਨ੍ਹਾਂ ਵਿਚ ਜੋਸ਼ ਟੰਗ ਰਾਸ ਐਟਕਿੰਸਨ ਤੇ ਜੇਮੀ ਓਵਰਟਨ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਟਾਸ ਜਿੱਤ ਕੇ ਇੰਗਲੈਂਡ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ, ਜਿਸ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 224 ਦੌੜਾਂ ਬਣਾਈਆਂ ਸਨ। ਇਸ ਮਗਰੋਂ ਇੰਗਲੈਂਡ ਦੀ ਪਹਿਲੀ ਪਾਰੀ ਵੀ ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਿਰਫ਼ 247 ਦੌੜਾਂ 'ਤੇ ਸਿਮਟ ਗਈ ਸੀ।
ਇਸ ਮਗਰੋਂ ਭਾਰਤ ਨੇ ਦੂਜੀ ਪਾਰੀ 'ਚ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ 2 ਵਿਕਟਾਂ ਗੁਆ ਕੇ 75 ਦੌੜਾਂ ਬਣਾ ਲਈਆਂ ਹਨ, ਜਦਕਿ ਯਸ਼ਸਵੀ ਜਾਇਸਵਾਲ 51 ਤੇ ਆਕਾਸ਼ਦੀਪ 4 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ ਤੇ ਇਸ ਸਮੇਂ ਇਹ ਮੁਕਾਬਲਾ ਬਰਾਬਰੀ 'ਤੇ ਖੜ੍ਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e