ਜਦੋਂ ਬਿਗ ਬੈਸ਼ ਲੀਗ ਦੇ ਮੈਚ ਦੇ ਦੌਰਾਨ ਸਟੇਡੀਅਮ ਦੀ ਬੱਤੀ ਹੋਈ ਬੰਦ
Friday, Jan 18, 2019 - 02:11 PM (IST)

ਬ੍ਰਿਸਬੇਨ— ਬ੍ਰਿਸਬੇਨ ਹੀਟ ਅਤੇ ਸਿਡਨੀ ਥੰਡਰਸ ਵਿਚਾਲੇ ਵੀਰਵਾਰ ਸ਼ਾਮ ਨੂੰ ਬਿਗ ਬੈਸ਼ ਲੀਗ ਮੈਚ ਦੇ ਦੌਰਾਨ ਗਾਬਾ ਮੈਦਾਨ ਦੇ ਇਕ ਹਿੱਸੇ 'ਚ ਫਲੱਡ ਲਾਈਟ ਬੰਦ ਹੋਣ ਨਾਲ ਮੈਚ ਰੱਦ ਕਰਨਾ ਪਿਆ। ਆਸਟਰੇਲੀਆ ਇਸੇ ਮੈਦਾਨ 'ਤੇ ਇਕ ਹਫਤੇ ਬਾਅਦ ਸ਼੍ਰੀਲੰਕਾ ਦੇ ਖਿਲਾਫ ਦਿਨ-ਰਾਤ ਟੈਸਟ ਦੀ ਮੇਜ਼ਬਾਨੀ ਕਰੇਗਾ। ਕ੍ਰਿਕਟ ਆਸਟਰੇਲੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੱਤੀ ਬੰਦ ਹੋਣ ਦੇ ਕਾਰਨਾਂ ਦੀ ਜਾਂਚ ਚਲ ਰਹੀ ਹੈ। ਕ੍ਰਿਕਟ ਆਸਟਰੇਲੀਆ ਦੇ ਅਧਿਕਾਰੀ ਐਂਥਨੀ ਐਵਰਡ ਨੇ ਕਿਹਾ, ''ਅਸੀਂ ਕਵੀਂਸਲੈਂਡ ਸਟੇਡੀਅਮ ਦੇ ਨਾਲ ਮਿਲ ਕੇ ਜਾਂਚ ਕਰ ਰਹੇ ਹਾਂ ਤਾਂ ਜੋ ਭਵਿੱਖ 'ਚ ਹੋਣ ਵਾਲੇ ਮੈਚਾਂ 'ਚ ਇਹ ਯਕੀਨੀ ਹੋ ਸਕੇ ਕਿ ਅਜਿਹੀ ਕੋਈ ਸਮੱਸਿਆ ਨਾ ਹੋਵੇ।''
ਇਸ ਤੋਂ ਪਹਿਲਾਂ ਥੰਡਰਸ ਦੇ ਕੋਚ ਸ਼ੇਨ ਬਾਂਡ ਨੇ ਅਜਿਹੀ ਸਥਿਤੀ ਹੋਣ 'ਤੇ ਨਿਯਮਾਂ ਦੀ ਸਮੀਖਿਆ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਟੀਮ ਨੇ ਇਸ ਟੀ-20 ਮੁਕਾਬਲੇ 'ਚ ਸ਼ੇਨ ਵਾਟਸਨ ਦੀ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ 4 ਵਿਕਟਾਂ 'ਤੇ 186 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ 'ਚ ਹੀਟ ਦੀ ਟੀਮ 10 ਦੌੜਾਂ 'ਤੇ 2 ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ। ਇਸ ਤੋਂ ਬਾਅਦ ਮੈਦਾਨ ਦੇ ਇਕ ਹਿੱਸੇ ਦੀ ਫਲੱਡ ਲਾਈਟ ਦੀ ਬੱਤੀ ਬੰਦ ਹੋ ਗਈ ਸੀ। ਇਕ ਘੰਟੇ ਤਕ ਜਦੋਂ ਮੈਚ ਸ਼ੁਰੂ ਨਾ ਹੋ ਸਕਿਆ ਤਾਂ ਦੋਹਾਂ ਟੀਮਾਂ ਵਿਚਾਲੇ ਅੰਕ ਵੰਡਿਆ ਗਿਆ।