ਭਾਰਤੀ ਫ਼ੁੱਟਬਾਲ ਟੀਮ ਦੇ ਸਾਬਕਾ ਕਪਤਾਨ ਭਾਸਕਰ ਗਾਂਗੁਲੀ ਹਸਪਤਾਲ ’ਚ, ਹਾਲਤ ਸਥਿਰ
Wednesday, Jun 30, 2021 - 06:14 PM (IST)
ਕੋਲਕਾਤਾ— ਭਾਰਤ ਦੇ ਸਾਬਕਾ ਗੋਲਕੀਪਰ ਤੇ 1982 ਏਸ਼ੀਆਈ ਖੇਡਾਂ ’ਚ ਫ਼ੁੱਟਬਾਲ ਟੀਮ ਦੀ ਅਗਵਾਈ ਕਰਨ ਵਾਲੇ ਭਾਸਕਰ ਗਾਂਗੁਲੀ ਤੇਜ਼ ਬੁਖ਼ਾਰ ਤੇ ਆਕਸੀਜਨ ਪੱਧਰ ’ਤੇ ਕਮੀ ਦੀ ਸ਼ਿਕਾਇਤ ਦੇ ਬਾਅਦ ਹਸਪਤਾਲ ’ਚ ਦਾਖ਼ਲ ਕੀਤੇ ਗਏ ਹਨ। ਉਨ੍ਹਾਂ ਦੀ ਟੀਮ ਦੇ ਸਾਬਕਾ ਸਾਥੀ ਮਿਹਿਰ ਬਸੂ ਨੇ ਦੱਸਿਆ ਕਿ 64 ਸਾਲਾ ਇਸ ਸਾਬਕਾ ਖਿਡਾਰੀ ਦੀ ਕੋਵਿਡ-19 ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਉਹ ਈ. ਐੱਮ. ਬਾਈਪਾਸ ਦੇ ਕੋਲ ਇਕ ਨਿੱਜੀ ਹਸਪਤਾਲ ’ਚ ਡਾਕਟਰਾਂ ਦੀ ਨਿਗਰਾਨੀ ’ਚ ਹਨ।
ਭਾਰਤੀ ਟੀਮ ਦੇ ਸਾਬਕਾ ਸਟ੍ਰਾਈਕਰ ਬਸੂ ਨੇ ਕਿਹਾ, ‘‘ਸੋਮਵਾਰ ਸ਼ਾਮ ਨੂੰ ਉਹ ਗੰਭੀਰ ਤੌਰ ’ਤੇ ਬੀਮਾਰ ਹੋ ਗਏ ਸਨ ਤੇ ਉਨ੍ਹਾਂ ਨੂੰ 100 ਡਿਗਰੀ ਤੋਂ ਵੱਧ ਬੁਖ਼ਾਰ ਸੀ। ਉਨ੍ਹਾਂ ਦਾ ਆਕਸੀਜਨ ਪੱਧਰ ਵੀ 91 ਤਕ ਡਿੱਗ ਗਿਆ ਸੀ। ਅਸੀਂ ਉਨ੍ਹਾਂ ਨੂੰ ਹਸਪਤਾਲ ਲੈ ਗਏ ਤੇ ਉਨ੍ਹਾਂ ਨੂੰ ਆਈ. ਸੀ. ਯੂ. ਨਿਗਰਾਨੀ ’ਚ ਰਖਿਆ ਗਿਆ ਹੈ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ ਤੇ ਜੇਕਰ ਸਭ ਕੁਝ ਠੀਕ ਰਿਹਾ ਤਾਂ ਚਾਰ-ਪੰਜ ਦਿਨਾਂ ’ਚ ਉਨ੍ਹਾਂ ਨੂੰ ਛੁੱਟੀ ਮਿਲ ਜਾਵੇਗੀ।’’ ਈਸਟ ਬੰਗਾਲ ਦਾ ਇਹ ਧਾਕੜ ਪਾਰਕਿੰਸਨ ਰੋਕ ਨਾਲ ਵੀ ਪੀੜਤ ਹੈ।