ਰਿਸ਼ਤੇ ਨੂੰ ਛੁਪਾਉਣ ਤੋਂ ਚੰਗਾ ਉਸ ਨੂੰ ਜ਼ਾਹਿਰ ਕਰਨਾ : ਦੂਤੀ
Monday, Aug 26, 2019 - 12:20 AM (IST)

ਨਵੀਂ ਦਿੱਲੀ- ਸਮਲਿੰਗੀ ਰਿਸ਼ਤੇ ਦਾ ਖੁਲਾਸਾ ਕਰਨ ਵਾਲੀ ਭਾਰਤ ਦੀ ਪਹਿਲੀ ਐਥਲੀਟ ਦੂਤੀ ਚੰਦ ਨੇ ਕਿਹਾ ਕਿ ਉਸਦੇ ਲਈ ਰਿਸ਼ਤੇ ਨੂੰ ਜਨਤਕ ਕਰਨਾ ਛੁਪਾਉਣ ਤੋਂ ਬਿਹਤਰ ਹੈ। ਦੂਤੀ ਨੇ ਮਈ ਵਿਚ ਓਡਿਸ਼ਾ ਦੇ ਆਪਣੇ ਪਿੰਡ ਦੀ ਇਕ ਕੁੜੀ ਨਾਲ ਆਪਣੇ ਰਿਸ਼ਤੇ ਨੂੰ ਜਨਤਕ ਕਰਕੇ ਸੁਰਖੀਆਂ ਬਟੋਰੀਆਂ ਸਨ। ਉਸਦੇ ਇਸ ਫੈਸਲੇ ਤੋਂ ਬਾਅਦ ਪਰਿਵਾਰ ਨੇ ਉਸ ਨਾਲੋਂ ਨਾਤਾ ਤੋੜਿਆ, ਜਦਕਿ ਉਸਦੀ ਵੱਡੀ ਭੈਣ ਨੇ ਵੱਖ ਹੋਣ ਦੀ ਧਮਕੀ ਦਿੱਤੀ ਸੀ ਪਰ ਦੂਤੀ 'ਤੇ ਇਸ ਦਾ ਕੋਈ ਅਸਰ ਨਹੀਂ ਪਿਆ। ਦੂਤੀ ਨੇ ਉਸ ਕੁੜੀ ਦੇ ਨਾਲ ਘਰ ਵਸਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ।
ਕੌਮਾਂਤਰੀ ਪ੍ਰਤੀਯੋਗਿਤਾਵਾਂ 'ਚ ਦੇਸ਼ ਲਈ ਕਈ ਤਮਗੇ ਜਿੱਤਣ ਵਾਲੀ 23 ਸਾਲਾ ਇਸ ਫਰਾਟਾ ਦੌੜਾਕ ਨੇ ਕਿਹਾ, ''ਮੇਰੀ ਨਿੱਜੀ ਜ਼ਿੰਦਗੀ ਕਾਰਣ ਹੁਣ ਮੇਰੇ ਉੱਪਰ ਕੋਈ ਦਬਾਅ ਨਹੀਂ ਹੈ ਕਿਉਂਕਿ ਮੈਂ ਇਸਦਾ ਖੁਲਾਸਾ ਕਰ ਦਿੱਤਾ ਹੈ। ਦਰਅਸਲ ਜਦੋਂ ਤਕ ਮੈਂ ਇਸ ਨੂੰ ਛੁਪਾ ਕੇ ਰੱਖਿਆ ਸੀ ਉਦੋਂ ਤਕ ਮੈਂ ਡਰ ਰਹੀ ਸੀ ਤੇ ਦਬਾਅ ਮਹਿਸੂਸ ਕਰਦੀ ਸੀ।''
ਉਸ ਨੇ ਕਿਹਾ, ''ਇਸ ਰਿਸ਼ਤੇ ਨੂੰ ਜਨਤਕ ਕਰਨ ਤੋਂ ਬਾਅਦ ਕਈ ਲੋਕਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਮੇਰਾ ਸਮਰਥਨ ਕੀਤਾ। ਉਨ੍ਹਾਂ ਨੇ ਮੇਰੀ ਕੋਸ਼ਿਸ਼ ਦੀ ਸ਼ਲਾਘਾ ਕੀਤੀ, ਜਿਸ ਨਾਲ ਮੈਨੂੰ ਚੰਗਾ ਮਹਿਸੂਸ ਹੋਇਆ।''
ਦੂਤੀ ਹਾਲ ਹੀ ਵਿਚ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ 100 ਮੀਟਰ ਦੀ ਦੌੜ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਟ੍ਰੈਕ ਤੇ ਫੀਲਡ ਖਿਡਾਰਨ ਬਣੀ ਹੈ। ਪਿਛਲੇ ਮਹੀਨੇ ਨਪੋਲੀ ਵਿਚ ਹੋਈਆਂ ਇਨ੍ਹਾਂ ਖੇਡਾਂ ਵਿਚ ਦੂਤੀ ਨੇ 11.32 ਸੈਕੰਡ ਦਾ ਸਮਾਂ ਲੈ ਕੇ ਰੇਸ ਜਿੱਤੀ।