ਇੰਗਲੈਂਡ ਟੀਮ ਨੂੰ ਲੱਗਾ ਵੱਡਾ ਝਟਕਾ, ਦੂਜੇ ਟੈਸਟ ਤੋਂ ਬਾਹਰ ਹੋਇਆ ਇਹ ਅਹਿਮ ਖਿਡਾਰੀ

08/05/2018 3:55:15 PM

ਨਵੀਂ ਦਿੱਲੀ (ਬਿਊਰੋ)— ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਲਾਰਡਸ ਦੇ ਮੈਦਾਨ 'ਤੇ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਅਹਿਮ ਗੇਂਦਬਾਜ਼ ਬੇਨ ਸਟੋਕਸ ਇਸ ਮੈਚ 'ਚ ਨਹੀਂ ਖੇਡ ਸਕਣਗੇ। ਨਾ ਤਾਂ ਸਟੋਕਸ ਸੱਟ ਦਾ ਸ਼ਿਕਾਰ ਹੋਏ ਹਨ ਅਤੇ ਨਾ ਹੀ ਉਨ੍ਹਾਂ ਨੂੰ ਟੀਮ ਮੈਨੇਜਮੈਂਟ ਨੇ ਬਾਹਰ ਕੱਢਿਆ ਹੈ। ਦਰਅਸਲ ਸਟੋਕਸ ਨੂੰ ਪਿਛਲੇ ਸਾਲ ਬ੍ਰਿਸਟਲ ਦੇ ਇਕ ਨਾਈਟ ਕਲੱਬ ਦੇ ਬਾਹਰ ਹੋਏ ਮਾਰ-ਕੁੱਟ ਮਾਮਲੇ 'ਚ 6 ਅਗਸਤ ਨੂੰ ਕੋਰਟ 'ਚ ਪੇਸ਼ ਹੋਣਾ ਹੈ।

ਭਾਰਤੀ ਟੀਮ ਨੂੰ ਹੋਵੇਗਾ ਫਾਇਦਾ 
ਇੰਗਲੈਂਡ ਬੋਰਡ ਨੇ ਸਟੋਕਸ ਨੂੰ ਕਾਫੀ ਸਮੇਂ ਤੱਕ ਟੀਮ ਤੋਂ ਬਾਹਰ ਵੀ ਰਖਿਆ ਸੀ। ਹੁਣ 6 ਅਗਸਤ ਨੁੰ ਇਸ ਕੇਸ ਦੀ ਸੁਣਵਾਈ ਹੋਵੇਗੀ ਅਤੇ ਇਸ ਦੇ ਟਰਾਇਲ 'ਚ 5 ਤੋਂ 7 ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਭਾਰਤ ਨੂੰ ਪਹਿਲੇ ਟੈਸਟ 'ਚ ਆਪਣੀ ਗੇਂਦਬਾਜ਼ੀ ਨਾਲ ਜ਼ਖਮ ਦੇਣ ਵਾਲੇ ਸਟੋਕਸ ਦਾ ਨਾ ਖੇਡਣਾ ਭਾਰਤ ਲਈ ਫਾਇਦੇਮੰਦ ਹੈ ਕਿਉਂਕਿ ਗੇਂਦ ਦੇ ਨਾਲ ਉਹ ਬੱਲੇਬਾਜ਼ੀ 'ਚ ਵੀ ਭਾਰਤੀ ਟੀਮ ਨੂੰ ਪਰੇਸ਼ਾਨ ਕਰਨ ਦੀ ਸਮਰਥਾ ਰਖਦੇ ਹਨ। ਹਾਲਾਂਕਿ ਪਹਿਲੇ ਟੈਸਟ 'ਚ ਉਨ੍ਹਾਂ ਨੇ ਬੱਲੇ ਨਾਲ ਕੁਝ ਜ਼ਿਆਦਾ ਕਮਾਲ ਨਹੀਂ ਕੀਤਾ ਪਰ ਗੇਂਦਬਾਜ਼ੀ 'ਚ ਉਨ੍ਹਾਂ ਨੇ ਇਸ ਦੀ ਭਰਪਾਈ ਕਰ ਦਿੱਤੀ ਹੈ।

ਸਟੋਕਸ ਨੇ ਦੂਜੀ ਪਾਰੀ 'ਚ ਭਾਰਤੀ ਟੀਮ ਦੇ 4 ਬੱਲੇਬਾਜ਼ਾਂ ਨੂੰ ਆਊਟ ਕੀਤਾ ਹੈ। ਇਨ੍ਹਾਂ 4 ਬੱਲੇਬਾਜ਼ਾਂ 'ਚ ਉਨ੍ਹਾਂ ਦੇ ਸ਼ਿਕਾਰ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਹਾਰਦਿਕ ਪੰਡਯਾ ਵੀ ਸਨ। ਜਦਕਿ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਸਟੋਕਸ ਦੇ ਨਾ ਖੇਡਣ ਦੇ ਸਵਾਲ 'ਤੇ ਕਿਹਾ ਕਿ ਅਸੀਂ ਅਜੇ ਲਾਰਡਸ ਲਈ ਟੀਮ ਕੰਬੀਨੇਸ਼ਨ ਦੇ ਬਾਰੇ 'ਚ ਨਹੀਂ ਸੋਚ ਰਹੇ ਹਾਂ। ਅਸੀਂ ਇਸ ਦਾ ਫੈਸਲਾ ਉੱਥੇ ਪਹੁੰਚ ਕੇ ਅਤੇ ਉੱਥੇ ਦੇ ਹਾਲਾਤ ਦੇਖ ਕੇ ਕਰਾਂਗੇ। ਸਾਡੀ ਟੀਮ 'ਚ ਕਈ ਸ਼ਾਨਦਾਰ ਖਿਡਾਰੀ ਹਨ। ਹਾਲਾਂਕਿ ਰੂਟ ਨੇ ਵੀ ਇਹ ਮੰਨਿਆ ਕਿ ਸਟੋਕਸ ਸਾਡੀ ਟੀਮ ਦੇ ਲਈ ਸਭ ਤੋਂ ਅਹਿਮ ਖਿਡਾਰੀ ਹੈ। ਦੂਜਾ ਟੈਸਟ 9 ਅਗਸਤ ਤੋਂ ਸ਼ੁਰੂ ਹੋਵੇਗਾ।


Related News