ਪਾਕਿਸਤਾਨ ਨਾਲ ਸੀਰੀਜ਼ ਤੋਂ ਪਹਿਲਾਂ ਸਰਕਾਰ ਤੋਂ ਪੁੱਛੇ ਬੀ.ਸੀ.ਸੀ.ਆਈ. : ਗੋਇਲ

05/29/2017 2:56:29 PM

ਨਵੀਂ ਦਿੱਲੀ— ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਸੋਮਵਾਰ ਨੂੰ ਫਿਰ ਤੋਂ ਦੁਹਰਾਇਆ ਹੈ ਕਿ ਜਦੋਂ ਤੱਕ ਸਰਹੱਦ ਪਾਰੋਂ ਅੱਤਵਾਦ ਬੰਦ ਨਹੀਂ ਹੁੰਦਾ ਤੱਦ ਤੱਕ ਪਾਕਿਸਤਾਨ ਨਾਲ ਭਾਰਤ ਦੀ ਦੋ ਪੱਖੀ ਸੀਰੀਜ਼ ਸੰਭਵ ਨਹੀਂ ਹੈ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਵੀ ਇਸ ਮਾਮਲੇ 'ਤੇ ਅੱਗੇ ਵਧਣ ਤੋਂ ਪਹਿਲਾਂ ਸਰਕਾਰ ਤੋਂ ਇਜਾਜ਼ਤ ਲੈਣੀ ਹੋਵੇਗੀ। ਖੇਡ ਮੰਤਰੀ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਜੇਕਰ ਬੀ.ਸੀ.ਸੀ.ਆਈ. ਭਵਿੱਖ 'ਚ ਪਾਕਿਸਤਾਨ ਨਾਲ ਦੋ ਪੱਖੀ ਸੀਰੀਜ਼ ਦੇ ਸਬੰਧ 'ਚ ਅੱਗੇ ਵਧਦਾ ਹੈ ਤਾਂ ਉਸ ਤੋਂ ਪਹਿਲਾਂ ਉਸ ਨੂੰ ਸਰਕਾਰ ਤੋਂ ਇਸ ਬਾਰੇ ਪੁੱਛਣਾ ਹੋਵੇਗਾ। ਗੋਇਲ ਨੇ ਕਿਹਾ, ''ਬੀ.ਸੀ.ਸੀ.ਆਈ. ਨੂੰ ਪਾਕਿਸਤਾਨ ਦੇ ਨਾਲ ਸੀਰੀਜ਼ 'ਤੇ ਅੱਗੇ ਵਧਣ ਤੋਂ ਪਹਿਲਾਂ ਸਰਕਾਰ ਨਾਲ ਗੱਲ ਕਰਨੀ ਹੋਵੇਗੀ। ਕ੍ਰਿਕਟ ਅਤੇ ਅੱਤਵਾਦ ਦੋਵੇਂ ਇਕੱਠੇ ਨਹੀਂ ਚਲ ਸਕਦੇ ਅਤੇ ਅਜਿਹੇ 'ਚ ਅਸੀਂ ਪਾਕਿਸਤਾਨ ਨਾਲ ਦੋ ਪੱਖੀ ਸੀਰੀਜ਼ ਨਹੀਂ ਖੇਡ ਸਕਦੇ ਹਾਂ।''
ਖੇਡ ਮੰਤਰੀ ਨੇ ਕਿਹਾ, ''ਪਾਕਿਸਤਾਨ ਕਸ਼ਮੀਰ 'ਚ ਲਗਾਤਾਰ ਅੱਤਵਾਦ ਚਲਾ ਰਿਹਾ ਹੈ ਅਤੇ ਖਾਸ ਤੌਰ 'ਤੇ ਸਰਹੱਦ ਪਾਰੋਂ ਅੱਤਵਾਦ ਜਾਰੀ ਹੈ। ਅਜਿਹੀ ਸਥਿਤੀ 'ਚ ਤਾਂ ਅਸੀਂ ਪਾਕਿਸਤਾਨ ਨਾਲ ਬਿਲਕੁਲ ਵੀ ਕ੍ਰਿਕਟ ਸੀਰੀਜ਼ ਨਹੀਂ ਖੇਡ ਸਕਦੇ ਹਾਂ।'' ਜ਼ਿਕਰਯੋਗ ਹੈ ਕਿ ਹਾਲ ਹੀ 'ਚ ਬੀ.ਸੀ.ਸੀ.ਆਈ. ਦੇ ਕਾਰਜਵਾਹਕ ਸਕੱਤਰ ਅਮਿਤਾਭ ਚੌਧਰੀ ਨੇ ਕਿਹਾ ਸੀ ਕਿ ਬੀ.ਸੀ.ਸੀ.ਆਈ. ਪਾਕਿਸਤਾਨ ਨਾਲ ਦੋ ਪੱਖੀ ਸੀਰੀਜ਼ ਦੇ ਖਿਲਾਫ ਨਹੀਂ ਹੈ। ਅਜਿਹੇ 'ਚ ਖੇਡ ਮੰਤਰੀ ਦਾ ਬਿਆਨ ਇਸ ਤੋਂ ਬਿਲਕੁਲ ਉਲਟ ਹੈ। ਹਾਲਾਂਕਿ ਚੌਧਰੀ ਨੇ ਇਹ ਵੀ ਕਿਹਾ ਸੀ ਕਿ ਕ੍ਰਿਕਟ ਸੀਰੀਜ਼ ਉਦੋਂ ਹੀ ਹੋਵੇਗੀ ਜਦੋਂ ਸਰਕਾਰ ਇਸ ਦੇ ਲਈ ਹਰੀ ਝੰਡੀ ਦੇਵੇਗੀ। 
ਇਸ ਵਿਚਾਲੇ ਗੋਇਲ ਨੇ ਵੀ ਸਾਫ ਕਰ ਦਿੱਤਾ ਹੈ ਕਿ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੀ ਸੀਰੀਜ਼ 'ਤੇ ਅੱਗੇ ਵਧਣ ਤੋਂ ਪਹਿਲਾਂ ਬੀ.ਸੀ.ਸੀ.ਆਈ. ਨੂੰ ਕੇਂਦਰ ਸਰਕਾਰ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੈ। ਭਾਰਤ ਨੇ ਪਾਕਿਸਤਾਨ ਦੇ ਨਾਲ 2007 ਤੋਂ ਹੀ ਕੋਈ ਦੋ ਪੱਖੀ ਸੀਰੀਜ਼ ਨਹੀਂ ਖੇਡੀ ਹੈ। ਹਾਲਾਂਕਿ ਸਾਲ 2012-13 'ਚ ਪਾਕਿਸਤਾਨ ਨੇ ਭਾਰਤ ਦਾ ਛੋਟਾ ਦੌਰਾ ਕੀਤਾ ਸੀ ਜਿਸ 'ਚ ਤਿੰਨ ਵਨਡੇ ਅਤੇ 2 ਟਵੰਟੀ-20 ਮੈਚ ਖੇਡੇ ਗਏ ਸਨ। ਪਿਛਲੇ ਸਾਲ ਵੀ ਆਈ.ਸੀ.ਸੀ. ਦੇ ਫਿਊਚਰਸ ਟੂਰ ਪ੍ਰੋਗਰਾਮ (ਐੱਫ.ਟੀ.ਪੀ.) ਦੇ ਹਿਸਾਬ ਨਾਲ ਪਾਕਿਸਤਾਨ ਨੂੰ ਦੋ ਪੱਖੀ ਸੀਰੀਜ਼ ਦੇ ਲਈ ਭਾਰਤ ਦੀ ਮੇਜ਼ਬਾਨੀ ਕਰਨੀ ਸੀ ਜਿਸ ਤੋਂ ਭਾਰਤ ਨੇ ਇਨਕਾਰ ਕਰ ਦਿੱਤਾ ਸੀ।  


Related News