BCCI ਨੇ ਨੀਤਾ ਅੰਬਾਨੀ ਨੂੰ ਭੇਜਿਆ ਨੋਟਿਸ, ਜਾਣੋ ਕਿਉਂ
Tuesday, Aug 09, 2022 - 04:44 PM (IST)
ਮੁੰਬਈ (ਯੂ. ਐੱਨ. ਆਈ.)– ਮੁੰਬਈ ਇੰਡੀਅਨਜ਼ ਦੀ ਮਾਲਕਣ ਨੀਤਾ ਅੰਬਾਨੀ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨੈਤਿਕ ਮਾਮਲਿਆਂ ਦੇ ਅਧਿਕਾਰੀ ਵਿਨੀਤ ਸਰਨ ਨੇ ਉਸਦੇ ਵਿਰੁੱਧ ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ਦਾ ਜਵਾਬ ਦੇਣ ਲਈ ਕਿਹਾ ਹੈ। ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐੱਮ. ਪੀ. ਸੀ. ਏ.) ਦੇ ਸਾਬਕਾ ਮੈਂਬਰ ਸੰਜੀਵ ਗੁਪਤਾ ਨੇ ਸ਼ਿਕਾਇਤ ਕੀਤੀ ਸੀ। ਉਸ ਨੇ ਇਹ ਮੁੱਦਾ ਉਠਾਇਆ ਸੀ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਮੁੰਬਈ ਫ੍ਰੈਂਚਾਈਜ਼ੀ ਦੀ ਮਾਲਕਣ ਅੰਬਾਨੀ ਰਿਲਾਇਸ ਇੰਡਸਟ੍ਰੀਜ਼ (ਆਰ. ਆਈ. ਐੱਲ.) ਦੀ ਵੀ ਡਾਇਰੈਕਟਰ ਹੈ, ਜਿਸ ਦੀ ਸਹਾਇਕ ਕੰਪਨੀ ਵਾਯਕਾਮ 18 ਨੇ ਆਈ. ਪੀ. ਐੱਲ. ਪ੍ਰਸਾਰਣ ਦੇ ਅਧਿਕਾਰ ਖਰੀਦੇ ਸਨ।
ਵਾਯਕਾਮ ਨੇ ਇਹ ਅਧਿਕਾਰ 23,758 ਕਰੋੜ ਰੁਪਏ ਵਿਚ 2023 ਤੋਂ 2027 ਤਕ ਦੀ ਮਿਆਦ ਲਈ ਖਰੀਦੇ ਸਨ। ਵਾਯਕਾਮ ਨੇ 18 ਜੂਨ ਵਿਚ ਬੀ. ਸੀ. ਸੀ. ਆਈ. ਵਲੋਂ ਆਯੋਜਿਤ ਨਿਲਾਮੀ ਵਿਚ ਆਸਟਰੇਲੀਆ, ਨਿਊਜ਼ੀਲੈਂਡ, ਯੂ. ਕੇ. (ਯੂਨਾਈਟਿਡ ਕਿੰਗਡਮ) ਅਤੇ ਦੱਖਣੀ ਅਫਰੀਕਾ ਲਈ ਡਿਜ਼ੀਟਲ ਅਧਿਕਾਰ (ਟੀ. ਵੀ. ਤੇ ਡਿਜ਼ੀਟਲ ਦੋਵੇਂ) ਹਾਸਲ ਕੀਤੇ ਸਨ। ਸੰਜੀਵ ਦੇ ਅਨੁਸਾਰ ਆਈ. ਪੀ.ਐੱਲ. ਵਿਚ ਇਕ ਟੀਮ ਦੇ ਮਾਲਕ ਦੇ ਰੂਪ ਵਿਚ ਅਤੇ ਆਈ. ਪੀ.ਐੱਲ. ਪ੍ਰਸਾਰਣ ਅਧਿਕਾਰ ਹਾਸਲ ਕਰਨ ਵਾਲੀ ਸਹਾਇਕ ਕੰਪਨੀ ਦੀ ਮਾਲਕਣ ਦੇ ਰੂਪ ਵਿਚ ਅੰਬਾਨੀ ਦੀ ਸਥਿਤੀ ਹਿੱਤਾਂ ਦੇ ਟਕਰਾਅ ਦੀ ਪ੍ਰਤੀਨਿਧਤਾ ਕਰਦੀ ਹੈ। ਸੁਪਰੀਮ ਕੋਰਟ ਦੇ ਸਾਬਕਾ ਜੱਜ ਸਰਨ ਨੇ ਸ਼ਿਕਾਇਤ ’ਤੇ ਲਿਖਤੀ ਜਵਾਬ ਦਾਖਲ ਕਰਨ ਲਈ ਅੰਬਾਨੀ ਨੂੰ 2 ਸਤੰਬਰ ਤਕ ਦਾ ਸਮਾਂ ਦਿੱਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।