ICC ਮੀਟਿੰਗ ’ਚ 4 ਨੂੰ ਏਸ਼ੀਆ ਕੱਪ ਟਰਾਫੀ ਦਾ ਮੁੱਦਾ ਚੁੱਕ ਸਕਦੈ BCCI

Saturday, Nov 01, 2025 - 12:49 AM (IST)

ICC ਮੀਟਿੰਗ ’ਚ 4 ਨੂੰ ਏਸ਼ੀਆ ਕੱਪ ਟਰਾਫੀ ਦਾ ਮੁੱਦਾ ਚੁੱਕ ਸਕਦੈ BCCI

ਮੁੰਬਈ–ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਉਮੀਦ ਹੈ ਕਿ ਏਸ਼ੀਆ ਕੱਪ ਟਰਾਫੀ ‘ਇਕ ਜਾਂ ਦੋ ਦਿਨ ਵਿਚ’ ਮੁੰਬਈ ਸਥਿਤ ਉਸਦੇ ਮੁੱਖ ਦਫਤਰ ਵਿਚ ਪਹੁੰਚ ਜਾਵੇਗੀ ਪਰ ਜੇਕਰ ਹਾਲਾਤ ਵਿਚ ਕੋਈ ਤਰੱਕੀ ਨਹੀਂ ਹੁੰਦੀ ਹੈ ਤਾਂ ਭਾਰਤੀ ਬੋਰਡ 4 ਨਵੰਬਰ ਨੂੰ ਇਸ ਮਾਮਲੇ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਸਾਹਮਣੇ ਉਠਾਏਗਾ।

ਭਾਰਤ ਨੇ ਦੁਬਈ ਵਿਚ ਹੋਏ ਫਾਈਨਲ ਵਿਚ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਜਿੱਤਿਆ ਪਰ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ. ਸੀ.) ਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦਾ ਮੁਖੀ ਵੀ ਹੈ।ਇਹ ਤਦ ਹੋਇਆ ਜਦੋਂ ਭਾਰਤੀ ਕਪਤਾਨ ਸੂਰਯਕੁਮਾਰ ਯਾਦਵ ਨੇ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦੇ ਕਾਰਨ ਆਪਣੇ ਪਾਕਿਸਤਾਨੀ ਹਮ-ਅਹੁਦੇ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ।ਨਕਵੀ ਪਹਿਲਾਂ ਹੀ ਦੱਸ ਚੁੱਕਾ ਹੈ ਕਿ ਟਰਾਫੀ ਭਾਰਤ ਨੂੰ ਸੌਂਪੀ ਜਾ ਸਕਦੀ ਹੈ ਪਰ ਇਸ ਨੂੰ ਉਹ ਖੁਦ ਪ੍ਰਦਾਨ ਕਰੇਗਾ। ਏਸ਼ੀਆ ਕੱਪ ਜਿੱਤ ਦੇ ਇਕ ਮਹੀਨੇ ਤੋਂ ਵੱਧ ਸਮੇਂ ਬਾਅਦ ਵੀ ਬੀ. ਸੀ. ਸੀ. ਆਈ. ਅਜੇ ਵੀ ਅਧਿਕਾਰਤ ਤੌਰ ’ਤੇ ਟਰਾਫੀ ਸੌਂਪੇ ਜਾਣ ਦਾ ਇੰਤਜ਼ਾਰ ਕਰ ਰਿਹਾ ਹੈ।

ਬੀ. ਸੀ. ਸੀ. ਆਈ. ਦੇ ਸੰਯੁਕਤ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ, ‘‘ਜਿਸ ਤਰ੍ਹਾਂ ਨਾਲ ਇਕ ਮਹੀਨੇ ਬਾਅਦ ਵੀ ਸਾਨੂੰ ਟਰਾਫੀ ਨਹੀਂ ਦਿੱਤੀ ਗਈ ਹੈ, ਉਸ ਤੋਂ ਅਸੀਂ ਥੋੜ੍ਹਾ ਨਿਰਾਸ਼ ਹਾਂ। ਅਸੀਂ ਇਸ ਮਾਮਲੇ ਨੂੰ ਅੱਗੇ ਵਧਾ ਰਹੇ ਹਾਂ। ਲੱਗਭਗ 10 ਦਿਨ ਪਹਿਲਾਂ ਵੀ ਅਸੀਂ ਏ. ਸੀ. ਸੀ. ਦੇ ਮੁਖੀ ਨੂੰ ਇਕ ਪੱਤਰ ਲਿਖਿਆ ਸੀ ਪਰ ਉਸਦੇ ਰੁਖ਼ ਵਿਚ ਕੋਈ ਬਦਲਾਅ ਨਹੀਂ ਆਇਆ ਹੈ।’’ਉਸ ਨੇ ਕਿਹਾ, ‘‘ਹੁਣ ਵੀ ਟਰਾਫੀ ਉਸਦੇ ਕੋਲ ਹੈ ਪਰ ਸਾਨੂੰ ਉਮੀਦ ਹੈ ਕਿ ਇਕ ਦੋ ਦਿਨ ਵਿਚ ਇਹ ਮੁੰਬਈ ਸਥਿਤੀ ਬੀ. ਸੀ. ਸੀ. ਆਈ. ਦਫਤਰ ਵਿਚ ਸਾਡੇ ਕੋਲ ਪਹੁੰਚ ਜਾਵੇਗੀ।’’ਸੈਕੀਆ ਨੇ ਕਿਹਾ ਕਿ ਜੇਕਰ ਟਰਾਫੀ ਜਲਦ ਹੀ ਨਹੀਂ ਸੌਂਪੀ ਗਈ ਤਾਂ ਬੀ. ਸੀ. ਸੀ. ਆਈ. 4 ਨਵੰਬਰ ਨੂੰ ਦੁਬਈ ਵਿਚ ਹੋਣ ਵਾਲੀ ਆਈ. ਸੀ. ਸੀ. ਦੀ ਤਿਮਾਹੀ ਮੀਟਿੰਗ ਵਿਚ ਇਸ ਮੁੱਦੇ ਨੂੰ ਉਠਾਏਗਾ।

ਬੀ. ਸੀ. ਸੀ. ਆਈ. ਨੇ ਅਧਿਕਾਰਤ ਤੌਰ ’ਤੇ ਟਰਾਫੀ ਵਾਪਸ ਕਰਨ ਦੀ ਅਪੀਲ ਕੀਤੀ ਹੈ ਪਰ ਨਕਵੀ ਕਥਿਤ ਤੌਰ ’ਤੇ ਆਪਣੇ ਰੁਖ਼ ’ਤੇ ਅੜਿਆ ਹੋਇਆ ਹੈ ਤੇ ਸੁਝਾਅ ਦੇ ਰਿਹਾ ਹੈ ਕਿ ਭਾਰਤੀ ਖਿਡਾਰੀ ਭਵਿੱਖ ਵਿਚ ਕਿਸੇ ਪ੍ਰੋਗਰਾਮ ਵਿਚ ਇਸ ਨੂੰ ਵਿਅਕਤੀਗਤ ਰੂਪ ਨਾਲ ਲੈ ਲੈਣ ਕਿਉਂਕਿ ਅਜੇ ਤੱਕ ਕੋਈ ਰਸਮੀ ਹੱਲ ਨਹੀਂ ਹੋਇਆ ਹੈ।

ਸੈਕੀਆ ਨੇ ਕਿਹਾ, ‘‘ਬੀ. ਸੀ. ਸੀ. ਆਈ. ਵੱਲੋਂ ਮੈਂ ਇਸ ਮਾਮਲੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ ਤੇ ਮੈਂ ਭਾਰਤ ਦੇ ਲੋਕਾਂ ਨੂੰ ਭਰੋਸਾ ਦੇ ਸਕਦਾ ਹਾਂ ਕਿ ਟਰਾਫੀ ਭਾਰਤ ਆਵੇਗੀ, ਸਿਰਫ ਸਮਾਂ-ਹੱਦ ਤੈਅ ਨਹੀਂ ਹੈ ਪਰ ਇਕ ਦਿਨ ਇਹ ਆਵੇਗੀ।’’
 


author

Hardeep Kumar

Content Editor

Related News