ਮਹਿਲਾ ਵਿਸ਼ਵ ਕੱਪ: ਨਿਊਜ਼ੀਲੈਂਡ ਤੇ ਪਾਕਿਸਤਾਨ ਦਾ ਮੈਚ ਮੀਂਹ ਕਾਰਨ ਰੱਦ

Sunday, Oct 19, 2025 - 09:39 AM (IST)

ਮਹਿਲਾ ਵਿਸ਼ਵ ਕੱਪ: ਨਿਊਜ਼ੀਲੈਂਡ ਤੇ ਪਾਕਿਸਤਾਨ ਦਾ ਮੈਚ ਮੀਂਹ ਕਾਰਨ ਰੱਦ

ਸਪੋਰਟਸ ਡੈਸਕ- ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਕਾਰ ਮਹਿਲਾ ਵਿਸ਼ਵ ਕੱਪ ਦਾ ਸ਼ਨੀਵਾਰ ਵਾਲਾ ਮੈਚ ਲਗਾਤਾਰ ਮੀਂਹ ਪੈਣ ਕਾਰਨ ਰੱਦ ਕਰ ਦਿੱਤਾ ਗਿਆ ਜਿਸ ਦੇ ਨਤੀਜੇ ਵਜੋਂ ਦੱਖਣੀ ਅਫਰੀਕਾ ਦੀ ਟੀਮ ਸੈਮੀਫਾਈਨਲ ਵਿੱਚ ਪੁੱਜ ਗਈ ਹੈ। ਇਸ ਮੈਚ ਦੌਰਾਨ ਭਾਰੀ ਮੀਂਹ ਨੇ ਦੋ ਵਾਰ ਵਿਘਨ ਪਾਇਆ ਅਤੇ ਸਿਰਫ਼ 25 ਓਵਰ ਹੀ ਹੋ ਸਕੇ। 

ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 25 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ 92 ਦੌੜਾਂ ਬਣਾਈਆਂ। ਨਿਊਜ਼ੀਲੈਂਡ ਅਤੇ ਪਾਕਿਸਤਾਨ ਦੋਵਾਂ ਦੇ ਆਖਰੀ ਦੋ ਮੈਚ ਮੀਂਹ ਕਾਰਨ ਰੱਦ ਹੋ ਗਏ ਹਨ। ਅੱਜ ਦੇ ਨਤੀਜੇ ਤੋਂ ਬਾਅਦ, ਦੱਖਣੀ ਅਫਰੀਕਾ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਆਸਟਰੇਲੀਆ ਤੋਂ ਬਾਅਦ ਦੂਜੀ ਟੀਮ ਬਣ ਗਈ ਹੈ। ਨਿਊਜ਼ੀਲੈਂਡ ਪੰਜਵੇਂ ਸਥਾਨ ’ਤੇ ਹੈ ਜਦੋਂ ਕਿ ਹੇਠਲੇ ਸਥਾਨ ’ਤੇ ਆਇਆ ਪਾਕਿਸਤਾਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ।

ਦੁਪਹਿਰ ਤੋਂ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਮੀਂਹ ਪੈਣ ਤੋਂ ਬਾਅਦ ਮੁਕਾਬਲਾ 46-46 ਓਵਰਾਂ ਦਾ ਕਰ ਦਿੱਤਾ ਗਿਆ ਸੀ ਜਿਸ ਦੌਰਾਨ ਪਾਕਿਸਤਾਨ ਨੇ ਪਹਿਲੇ 12.2 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 52 ਦੌੜਾਂ ਬਣਾ ਲਈਆਂ ਸਨ। ਹਾਲਾਂਕਿ ਜਦੋਂ ਖੇਡ ਸਥਾਨਕ ਸਮੇਂ ਅਨੁਸਾਰ ਸ਼ਾਮ 5:35 ਵਜੇ ਦੁਬਾਰਾ ਸ਼ੁਰੂ ਹੋਈ ਤਾਂ ਪਾਕਿਸਤਾਨ ਦੀਆਂ ਪੰਜ ਵਿਕਟਾਂ ਡਿੱਗ ਗਈਆਂ। ਇਸ ਟੂਰਨਾਮੈਂਟ ਵਿਚ ਪਾਕਿਸਤਾਨ ਦੀਆਂ ਖਿਡਾਰਨਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ।


author

Tarsem Singh

Content Editor

Related News