ਏਸ਼ੀਆ ਕੱਪ ਟਰਾਫੀ ਨੂੰ ਲੈ ਕੇ ICC ਮੀਟਿੰਗ ’ਚ BCCI ਤੇ PCB ਵਿਚਾਲੇ ਟਕਰਾਅ ਦੀ ਸੰਭਾਵਨਾ
Thursday, Oct 23, 2025 - 02:47 PM (IST)

ਕਰਾਚੀ (ਭਾਸ਼ਾ)– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਵਿਚਾਲੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਵਿਚ ਟਕਰਾਅ ਦੀ ਸਥਿਤੀ ਬਣ ਸਕਦੀ ਹੈ, ਕਿਉਂਕਿ ਪੀ. ਸੀ. ਬੀ. ਮੁਖੀ ਮੋਹਸਿਨ ਨਕਵੀ ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ. ਸੀ.) ਦੇ ਮੁਖੀ ਦੇ ਤੌਰ ’ਤੇ ਵਿਅਕਤੀਗਤ ਰੂਪ ਨਾਲ ਭਾਰਤ ਨੂੰ ਏਸ਼ੀਆ ਕੱਪ ਟਰਾਫੀ ਸੌਂਪਣ ਦੇ ਆਪਣੇ ਰੁਖ਼ ਤੋਂ ਪਿੱਛੇ ਨਹੀਂ ਹਟ ਰਿਹਾ ਹੈ।
ਬੀ. ਸੀ. ਸੀ. ਆਈ. ਤੇ ਹੋਰ ਏ. ਸੀ. ਸੀ. ਮੈਂਬਰ ਦੇਸ਼ਾਂ ਨੂੰ ਭੇਜੇ ਗਏ ਜਵਾਬ ਵਿਚ ਨਕਵੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ 10 ਨਵੰਬਰ ਨੂੰ ਦੁਬਈ ਵਿਚ ਇਕ ਸਮਾਰੋਹ ਆਯੋਜਿਤ ਕਰਨ ਦਾ ਇੱਛੁਕ ਹੈ, ਜਿੱਥੇ ਬੀ.ਸੀ. ਸੀ. ਆਈ. ਦਾ ਪ੍ਰਤੀਨਿਧੀ ਤੇ ਭਾਰਤੀ ਟੀਮ ਦਾ ਕੋਈ ਵੀ ਉਪਲੱਬਧ ਖਿਡਾਰੀ ਉਸ ਤੋਂ ਟਰਾਫੀ ਲੈ ਸਕਦਾ ਹੈ।
ਨਕਵੀ ਨੇ ਆਪਣੇ ਜਵਾਬ ਵਿਚ ਲਿਖਿਆ, ‘‘ਏ. ਸੀ. ਸੀ. ਟਰਾਫੀ ਸਹੀ ਮਾਇਨਿਆਂ ਵਿਚ ਭਾਰਤੀ ਕ੍ਰਿਕਟ ਟੀਮ ਦੀ ਹੈ ਤੇ ਇਹ ਉਦੋਂ ਤੱਕ ਏ. ਸੀ. ਸੀ. ਮੁੱਖ ਦਫਤਰ ਵਿਚ ਰੱਖੀ ਰਹੇਗੀ, ਜਦੋਂ ਤੱਕ ਬੀ. ਸੀ. ਸੀ. ਆਈ. ਦਾ ਕੋਈ ਅਹੁਦੇਦਾਰ ਕਿਸੇ ਵੀ ਉਪਲੱਬਧ ਹਿੱਸਾ ਲੈਣ ਵਾਲੇ ਖਿਡਾਰੀ ਦੇ ਨਾਲ ਏ. ਸੀ. ਸੀ. ਮੁਖੀ ਤੋਂ ਇਸ ਨੂੰ ਪ੍ਰਾਪਤ ਨਹੀਂ ਕਰ ਲੈਂਦਾ।’’
ਉਸ ਨੇ ਕਿਹਾ, ‘‘ਇਸਦੇ ਲਈ ਇਕ ਸ਼ਾਨਦਾਰ ਸਮਾਰੋਹ ਆਯੋਜਿਤ ਕੀਤਾ ਜਾਵੇਗਾ, ਕਿਉਂਕਿ ਸਾਨੂੰ ਸਥਾਪਤ ਰਵਾਇਤਾਂ ਤੋਂ ਨਹੀਂ ਹਟਣਾ ਚਾਹੀਦਾ ਤੇ ਕੋਈ ਵੀ ਅਜਿਹੀ ਮਿਸਾਲ ਨਹੀਂ ਕਾਇਮ ਕੀਤੀ ਜਾਣੀ ਚਾਹੀਦੀ ਜਿਹੜੀ ਉਸ ਖੇਡ ਦੀ ਭਾਵਨਾ ਨੂੰ ਕਮਜ਼ੋਰ ਕਰੇ, ਜਿਸ ਨੂੰ ਅਸੀਂ ਸਾਰੇ ਪਿਆਰ ਕਰਦੇ ਹਾਂ।’’
ਆਈ. ਸੀ. ਸੀ. ਆਈ. ਦਾ ਮੁਖੀ ਬੀ. ਸੀ. ਸੀ. ਆਈ. ਦਾ ਸਾਬਕਾ ਸਕੱਤਰ ਜੈ ਸ਼ਾਹ ਹੈ। ਨਕਵੀ ਦਾ ਇਹ ਜਵਾਬ ਬੀ. ਸੀ. ਸੀ. ਆਈ. ਵੱਲੋਂ ਏਸ਼ੀਆ ਕੱਪ ਟਰਾਫੀ ਵਿਵਾਦ ’ਤੇ ਏ. ਸੀ. ਸੀ. ਨੂੰ ਲਿਖੇ ਗਏ ਪੱਤਰ ਤੋਂ ਬਾਅਦ ਆਇਆ ਹੈ। ਇਸ ਪ੍ਰਤੀਕਿਰਿਆ ਤੋਂ ਬੀ. ਸੀ. ਸੀ. ਆਈ. ਤੇ ਪੀ. ਸੀ. ਬੀ. ਵਿਚਾਲੇ ਅਵਿਸ਼ਵਾਸ ਤੇ ਤਣਾਅ ਦਾ ਪੱਧਰ ਸਪੱਸ਼ਟ ਰੂਪ ਨਾਲ ਪਤਾ ਲੱਗਦਾ ਹੈ।
ਨਕਵੀ ਨੇ ਆਪਣੇ ਜਵਾਬ ਵਿਚ ਕਿਹਾ, ‘‘ਜਿੱਥੋਂ ਤੱਕ ਤੁਹਾਡੇ ਪੱਤਰ ਦੇ ਬਾਕੀ ਹਿੱਸੇ ਦਾ ਸਵਾਲ ਹੈ ਤਾਂ ਏ. ਸੀ. ਸੀ. ਮੁਖੀ ਦਾ ਦਫਤਰ ਅਜਿਹੀ ਘਟੀਆ ਸਿਆਸਤ ਵਿਚ ਸ਼ਾਮਲ ਨਹੀਂ ਹੋਵੇਗਾ, ਜਿਸਦਾ ਟੀਚਾ ਚੋਣਵੇਂ ਕੱਟੜਪੰਥੀ ਗਰੁੱਪਾਂ ਨੂੰ ਖੁਸ਼ ਕਰਨਾ ਹੋਵੇ।’’
ਉਸ ਨੇ ਕਿਹਾ, ‘‘ਅਸਲ ਸਥਿਤੀ ਇਹ ਹੈ ਕਿ ਏ. ਸੀ. ਸੀ. ਦਫਤਰ ਜਾਂ ਟੂਰਨਾਮੈਂਟ ਨਿਰਦੇਸ਼ਕ ਦੇ ਨਾਲ ਕਦੇ ਵੀ ਅਜਿਹੀ ਕੋਈ ਅਧਿਕਾਰਤ ਗੱਲਬਾਤ ਨਹੀਂ ਕੀਤੀ ਗਈ, ਜਿਸ ਵਿਚ ਐਵਾਰਡ ਵੰਡ ਸਮਾਰੋਹ ਦੇ ਸਬੰਧ ਵਿਚ ਬੀ. ਸੀ. ਸੀ. ਆਈ. ਦੀ ਸਥਿਤੀ ਜਾਂ ਚਿੰਤਾ ਨੂੰ ਉਜਾਗਰ ਕੀਤਾ ਗਿਆ ਹੋਵੇ।’’
ਨਕਵੀ ਨੇ ਕਿਹਾ, ‘‘ਜਦੋਂ ਸਮਾਰੋਹ ਸ਼ੁਰੂ ਹੋਣ ਵਾਲਾ ਸੀ ਤੇ ਵਿਸ਼ੇਸ਼ ਮਹਿਮਾਨ ਮੰਚ ’ਤੇ ਆਪਣਾ ਸਥਾਨ ਗ੍ਰਹਿਣ ਕਰ ਚੁੱਕੇ ਸਨ, ਉਦੋਂ ਬੀ. ਸੀ. ਸੀ. ਆਈ. ਦੇ ਪ੍ਰਤੀਨਿਧੀ ਨੇ ਦੱਸਿਆ ਕਿ ਭਾਰਤੀ ਕ੍ਰਿਕਟ ਟੀਮ ਏਸ਼ੀਆ ਕੱਪ ਟਰਾਫੀ ਤੇ ਐਵਾਰਡ ਹਾਸਲ ਨਹੀਂ ਕਰੇਗੀ। ਇਸ ਅੜਿੱਕੇ ਨੂੰ ਦੂਰ ਕਰਨ ਲਈ ਕੋਸ਼ਿਸ਼ ਕੀਤੀ ਗਈ, ਜਿਸ ਦੇ ਕਾਰਨ ਸਮਾਰੋਹ ਵਿਚ ਕਾਫੀ ਦੇਰ ਹੋਈ।’’
ਜਵਾਬ ਵਿਚ ਕਿਹਾ ਗਿਆ ਹੈ, ‘‘ਏ. ਸੀ. ਸੀ. ਮੁਖੀ ਨੇ ਵੱਕਾਰੀ ਮਹਿਮਾਨਾਂ ਦੇ ਨਾਲ ਲੱਗਭਗ 40 ਮਿੰਟ ਤੱਕ ਇੰਤਜ਼ਾਰ ਕੀਤਾ ਤਾਂ ਕਿ ਐਵਾਰਡ ਵੰਡ ਸਮਾਰੋਹ ਦੀ ਅਖੰਡਤਾ ਬਣੀ ਰਹੀ ਤੇ ਸਿਆਸਤ ਤੋਂ ਉਸ ’ਤੇ ਉਲਟ ਪ੍ਰਭਾਵ ਨਾ ਪਵੇ ਪਰ ਇਹ ਕੋਸ਼ਿਸ਼ ਬੇਕਾਰ ਰਹੀ।’’
ਪੀ. ਸੀ. ਬੀ. ਦੇ ਇਕ ਭਰੋਸੇਯੋਗ ਸੂਤਰ ਨੇ ਦੱਸਿਆ ਕਿ ਬੋਰਡ ਦੇ ਕਾਨੂੰਨੀ ਵਿਭਾਗ ਨੂੰ ਪਹਿਲਾਂ ਹੀ ਇਕ ਡੋਜ਼ੀਅਰ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਜਾ ਚੁੱਕਾ ਹੈ ਤਾਂ ਕਿ ਜੇਕਰ ਬੀ. ਸੀ. ਸੀ. ਆਈ. ਦੇ ਅਧਿਕਾਰੀ ਆਈ. ਸੀ. ਸੀ. ਬੋਰਡ ਦੀ ਮੀਟਿੰਗ ਵਿਚ ਨਕਵੀ ਦੀ ਨਿੰਦਾ ਕਰਨ ਦੀ ਕੋਸ਼ਿਸ਼ ਕਰਨ ਤਾਂ ਉਨ੍ਹਾਂ ਨੂੰ ਇਸਦਾ ਜਵਾਬ ਦਿੱਤਾ ਜਾ ਸਕੇ। ਬੀ. ਸੀ. ਸੀ. ਆਈ. ਪਹਿਲਾਂ ਹੀ ਇਸ ਮਾਮਲੇ ਨੂੰ ਆਈ. ਸੀ. ਸੀ. ਦੀ ਮੀਟਿੰਗ ਵਿਚ ਉਠਾਉਣ ਦਾ ਸੰਕੇਤ ਦੇ ਚੁੱਕੀ ਹੈ।