ਇਹ ਦਿੱਗਜ ਖਿਡਾਰੀ ਬਣਿਆ ਟੀਮ ਇੰਡੀਆ ਦਾ ਚੋਣਕਾਰ, BCCI ਨੇ ਸੌਂਪੀ ਜ਼ਿੰਮੇਵਾਰੀ
Tuesday, Jul 04, 2023 - 10:24 PM (IST)

ਨਵੀਂ ਦਿੱਲੀ (ਏ.ਐੱਨ.ਆਈ.): ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੂੰ ਮੰਗਲਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸੀਨੀਅਰ ਪੁਰਸ਼ ਚੋਣ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਬੀ.ਸੀ.ਸੀ.ਆਈ. ਨੇ ਉਨ੍ਹਾਂ ਦੀ ਨਿਯੁਕਤੀ ਦੀ ਘੋਸ਼ਣਾ ਕਰਨ ਲਈ ਇਕ ਅਧਿਕਾਰਤ ਬਿਆਨ ਜਾਰੀ ਕੀਤਾ, ਜਿਸ ਵਿਚ ਲਿਖਿਆ ਹੈ, "ਕ੍ਰਿਕਟ ਸਲਾਹਕਾਰ ਕਮੇਟੀ , ਜਿਸ ਵਿਚ ਸੁਲਕਸ਼ਨਾ ਨਾਇਕ, ਅਸ਼ੋਕ ਮਲਹੋਤਰਾ ਅਤੇ ਜਤਿਨ ਪਰਾਂਜਾਪੇ ਸ਼ਾਮਲ ਸਨ, ਨੇ ਪੁਰਸ਼ਾਂ ਦੀ ਚੋਣ ਕਮੇਟੀ ਵਿਚ ਇਕ ਚੋਣਕਾਰ ਦੇ ਅਹੁਦੇ ਲਈ ਬਿਨੈਕਾਰਾਂ ਦੀ ਇੰਟਰਵਿਊ ਕੀਤੀ। ਤਿੰਨ ਮੈਂਬਰੀ ਸੀਏਸੀ ਨੇ ਸਰਬਸੰਮਤੀ ਨਾਲ ਅਜੀਤ ਅਗਰਕਰ ਨੂੰ ਉਕਤ ਅਹੁਦੇ ਲਈ ਸਿਫ਼ਾਰਸ਼ ਕੀਤੀ ਹੈ।" ਕਮੇਟੀ ਨੇ ਸੀਨੀਆਰਤਾ (ਟੈਸਟ ਮੈਚਾਂ ਦੀ ਕੁੱਲ੍ਹ ਗਿਣਤੀ) ਦੇ ਆਧਾਰ 'ਤੇ ਪੁਰਸ਼ਾਂ ਦੀ ਚੋਣ ਕਮੇਟੀ ਦੇ ਚੇਅਰਪਰਸਨ ਦੀ ਭੂਮਿਕਾ ਲਈ ਅਗਰਕਰ ਦੀ ਸਿਫ਼ਾਰਸ਼ ਕੀਤੀ। ਨਵੀਂ ਚੁਣੀ ਗਈ ਚੋਣ ਕਮੇਟੀ ਮੁਤਾਬਕ ਅਜੀਤ ਅਗਰਕਰ (ਚੇਅਰਪਰਸਨ), ਸ਼ਿਵ ਸੁੰਦਰ ਦਾਸ, ਸੁਬਰਤੋ ਬੈਨਰਜੀ, ਸਲਿਲ ਅੰਕੋਲਾ, ਸ਼੍ਰੀਧਰਨ ਸ਼ਰਥ ਹੋਣਗੇ।
ਇਹ ਖ਼ਬਰ ਵੀ ਪੜ੍ਹੋ - ਪਤੀ ਦੀ ਬੇਵਫ਼ਾਈ ਨੇ ਉਜਾੜਿਆ ਘਰ, ਮਾਸੂਮ ਬੱਚੇ ਸਿਰੋਂ ਉੱਠਿਆ ਮਾਂ ਦਾ ਸਾਇਆ
ਅਗਰਕਰ ਭਾਰਤੀ ਇਕ ਰੋਜ਼ਾ ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਵੱਧ ਸਨਮਾਨਿਤ ਖਿਡਾਰੀਆਂ 'ਚੋਂ ਇੱਕ ਰਿਹਾ ਹੈ। ਉਨ੍ਹਾਂ ਨੇ 191 ਤੋਂ ਵੱਧ ਮੈਚ ਖੇਡੇ ਹਨ ਅਤੇ 5.07 ਦੀ ਇਕਾਨਮੀ ਨਾਲ 288 ਵਿਕਟਾਂ ਹਾਸਲ ਕੀਤੀਆਂ ਹਨ। ਟੈਸਟ ਫਾਰਮੈਟ ਵਿਚ ਅਗਰਕਰ ਨੇ 26 ਮੈਚਾਂ ਵਿਚ 3.39 ਦੀ ਇਕਾਨਮੀ ਨਾਲ 58 ਵਿਕਟਾਂ ਹਾਸਲ ਕੀਤੀਆਂ ਹਨ। ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ, ਅਗਰਕਰ ਦਿੱਲੀ ਡੇਅਰਡੇਵਿਲਜ਼ (ਹੁਣ ਦਿੱਲੀ ਕੈਪੀਟਲਜ਼) ਅਤੇ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡ ਚੁੱਕੇ ਹਨ। ਉਨ੍ਹਾਂ ਨੇ 42 ਮੈਚ ਖੇਡੇ ਅਤੇ 8.83 ਦੀ ਇਕਾਨਮੀ ਨਾਲ 29 ਵਿਕਟਾਂ ਲਈਆਂ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਪੰਜਾਬ ਵਾਸੀਆਂ ਨੂੰ ਸੁਣਾਈ 'ਖੁਸ਼ਖਬਰੀ', ਲੋਕਾਂ ਦੀ ਰੋਜ਼ਾਨਾ ਹੋਵੇਗੀ ਲੱਖਾਂ ਰੁਪਏ ਦੀ ਬਚਤ
ਅਗਰਕਰ ਨੇ ਗੇਂਦ ਨਾਲ ਆਪਣੇ ਹੁਨਰ ਦੇ ਨਾਲ-ਨਾਲ ਬੱਲੇ ਨਾਲ ਵੀ ਕੁਝ ਯਾਦਗਾਰ ਪਾਰੀਆਂ ਖੇਡੀਆਂ ਹਨ। ਬੱਲੇ ਨਾਲ ਉਸ ਦੇ ਅੰਤਰਰਾਸ਼ਟਰੀ ਕਰੀਅਰ ਦਾ ਸਭ ਤੋਂ ਵੱਡਾ ਪਲ 2002 ਵਿਚ ਆਇਆ ਜਦੋਂ ਉਸ ਨੇ ਲਾਰਡਸ ਵਿਚ ਇੰਗਲੈਂਡ ਦੇ ਖ਼ਿਲਾਫ਼ ਸੈਂਕੜਾ ਲਗਾਇਆ। ਇਸ ਦਮਦਾਰ ਪਾਰੀ ਨਾਲ ਉਸ ਦਾ ਨਾਂ ਹੁਣ ਲਾਰਡਸ ਆਨਰ ਬੋਰਡ 'ਤੇ ਦਰਜ ਹੈ। ਉਨ੍ਹਾਂ ਨੇ ਵਨਡੇ ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਵੀ ਤੋੜਿਆ ਸੀ। ਅਗਰਕਰ ਨੇ 2000 ਵਿਚ ਜ਼ਿੰਬਾਬਵੇ ਦੇ ਖ਼ਿਲਾਫ਼ ਅੱਠਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਅਜੇਤੂ 67 (27)* ਦੀ ਪਾਰੀ ਖੇਡੀ ਸੀ। ਉਨ੍ਹਾਂ ਨੇ ਵਨਡੇ ਫਾਰਮੈਟ ਵਿਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਦੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਡੇਨਿਸ ਲਿਲੀ ਦੇ ਰਿਕਾਰਡ ਨੂੰ ਵੀ ਤੋੜਿਆ ਸੀ। ਲਿਲੀ ਨੇ 24 ਮੈਚਾਂ ਵਿਚ ਇਹ ਕਮਾਲ ਦਾ ਕਾਰਨਾਮਾ ਕੀਤਾ ਸੀ ਪਰ ਅਗਰਕਰ ਆਪਣੇ 23ਵੇਂ ਇਕ ਰੋਜ਼ਾ ਮੈਚ ਵਿਚ ਲਿਲੀ ਦਾ ਰਿਕਾਰਡ ਤੋੜਨ ਵਿਚ ਕਾਮਯਾਬ ਰਹੇ। ਭਾਰਤੀ ਤੇਜ਼ ਗੇਂਦਬਾਜ਼ ਨੇ ਇਹ ਰਿਕਾਰਡ ਲਗਭਗ ਇਕ ਦਹਾਕੇ ਤਕ ਕਾਇਮ ਰੱਖਿਆ ਪਰ 2009 ਵਿਚ ਸ਼੍ਰੀਲੰਕਾ ਦੇ ਸਪਿਨਰ ਅਜੰਤਾ ਮੈਂਡਿਸ ਨੇ ਆਪਣੇ 19ਵੇਂ ਵਨਡੇ ਵਿਚ ਇਹ ਉਪਲਬਧੀ ਹਾਸਲ ਕਰਕੇ ਉਸ ਨੂੰ ਪਛਾੜ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।