ਕ੍ਰਿਕਟ ਮੈਚ ਦੌਰਾਨ ਹੋਈ ਦੁਖਦ ਘਟਨਾ, ਅਰਧ ਸੈਂਕੜਾ ਲਾਉਣ ਤੋਂ ਬਾਅਦ ਬੱਲੇਬਾਜ਼ ਦੀ ਮੌਤ
Monday, Nov 18, 2019 - 12:01 PM (IST)

ਸਪੋਰਟਸ ਡੈਸਕ : ਖੇਡ ਦੇ ਮੈਦਾਨ 'ਤੇ ਅਕਸਰ ਅਜਿਹੇ ਹਾਦਸੇ ਹੋ ਜਾਂਦੇ ਹਨ ਜਿਸ ਨੂੰ ਦੇਖਣ ਵਾਲਿਆਂ ਦੀ ਰੂਹ ਤਕ ਕੰਬ ਜਾਂਦੀ ਹੈ। ਕਈ ਵਾਰ ਖਿਡਾਰੀਆਂ ਨੂੰ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ। ਅਜਿਹਾ ਹੀ ਹਾਦਸਾ ਹੈਦਰਾਬਾਦ ਵਿਚ ਇਕ ਕਲੱਬ ਦੇ ਕ੍ਰਿਕਟ ਮੈਚ ਦੌਰਾਨ ਹੋਇਆ ਜਦੋਂ ਇਕ ਕ੍ਰਿਕਟਰ ਦੀ ਮੌਤ ਹੌ ਗਈ। ਹਾਲਾਂਕਿ ਇਸ ਦੀ ਵਜ੍ਹਾ ਕੋਈ ਹਾਦਸਾ ਜਾਂ ਸੱਟ ਨਹੀਂ ਸੀ। ਮੀਡੀਆ ਰਿਪੋਰਟਸ ਮੁਤਾਬਕ ਐਤਵਾਰ ਨੂੰ ਇਕ ਵਨ ਡੇ ਲੀਗ ਦੌਰਾਨ 41 ਸਾਲਾ ਬੱਲੇਬਾਜ਼ ਵਰਿੰਦਰ ਨਾਇਕ ਦੀ ਮੌਤ ਹੋ ਗਈ। ਉਹ ਹੈਦਰਾਬਾਦ ਮਾਰਡਪੱਲੀ ਸਪੋਰਟਿੰਗ ਕਲੱਬ ਦੇ ਖਿਡਾਰੀ ਸੀ ਅਤੇ ਉਸ ਨੇ ਐਤਵਾਰ ਨੂੰ ਸ਼ਾਨਦਾਰ ਅਰਧ ਸੈਂਕੜਾ ਵੀ ਲਾਇਆ ਸੀ ਪਰ ਆਊਟ ਹੋਣ ਤੋਂ ਬਾਅਦ ਉਹ ਪਵੇਲੀਅਨ ਪਰਤੇ ਅਤੇ ਉੱਥੇ ਉਸ ਦੀ ਮੌਤ ਹੋ ਗਈ।
ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਇਕ ਅੰਗਰੇਜ਼ੀ ਅਖਬਾਰ ਮੁਤਾਬਕ ਵਰਿੰਦਰ ਨਾਇਕ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਣ ਹੋਈ ਹੈ। ਵਰਿੰਦਰ ਦੇ ਭਰਾ ਅਵਿਨਾਸ਼ ਨੇ ਪੁਲਸ ਨੂੰ ਦੱਸਿਆ ਕਿ ਵਰਿੰਦਰ ਛਾਤੀ ਦੇ ਰੋਗ ਦੀ ਦਵਾਈ ਖਾ ਰਹੇ ਸੀ। ਵਰਿੰਦਰ ਨਾਇਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਮੌਤ ਤੋਂ ਪਹਿਲਾਂ ਲਾਇਆ ਅਰਧ ਸੈਂਕੜਾ
ਮਹਾਰਾਸ਼ਟਰ ਦੇ ਸਾਵੰਤਵਾੜੀ ਵਿਖੇ ਰਹਿਣ ਵਾਲੇ ਵਰਿੰਦਰ ਨਾਇਕ ਨੇ ਐਤਵਾਰ ਹੋਏ ਮੁਕਾਬਲੇ ਵਿਚ 66 ਦੌੜਾਂ ਦਾ ਪਾਰੀ ਖੇਡੀ ਸੀ। ਵਰਿੰਦਰ ਨਾਇਕ ਵਿਕਟ ਦੇ ਪਿੱਛੇ ਕੈਚ ਆਊਟ ਹੋਏ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਅੰਪਾਇਰ ਦੇ ਫੈਸਲੇ ਤੋਂ ਨਾਰਾਜ਼ ਸੀ। ਉਸ ਨੂੰ ਲੱਗ ਰਿਹਾ ਸੀ ਕਿ ਗੇਂਦ ਬੱਲੇ ਦੇ ਕਿਨਾਰੇ ਨਾਲ ਨਹੀਂ ਲੱਗੀ ਸੀ। ਜਿਵੇਂ ਹੀ ਵਰਿੰਦਰ ਨਾਇਕ ਪਵੇਲੀਅਨ ਪਰਤੇ ਉਸ ਦਾ ਸਿਰ ਦੀਵਾਰ ਨਾਲ ਟਕਰਾਇਆ। ਜਿਸ ਤੋਂ ਬਾਅਦ ਉਸ ਦੇ ਸਾਥੀ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ।