ਲੇਵਾਂਡੋਵਸਕੀ ਦੀ ਹੈਟ੍ਰਿਕ ਨਾਲ ਬਾਰਸੀਲੋਨਾ ਚੋਟੀ ’ਤੇ ਪਹੁੰਚਿਆ

Tuesday, Oct 08, 2024 - 11:33 AM (IST)

ਲੇਵਾਂਡੋਵਸਕੀ ਦੀ ਹੈਟ੍ਰਿਕ ਨਾਲ ਬਾਰਸੀਲੋਨਾ ਚੋਟੀ ’ਤੇ ਪਹੁੰਚਿਆ

ਮੈਡ੍ਰਿਡ– ਰਾਬਰਟੋ ਲੇਵਾਂਡੋਵਸਕੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਐਤਵਾਰ ਨੂੰ ਇੱਥੇ ਖੇਡੇ ਗਏ ਮੈਚ ਵਿਚ 25 ਮਿੰਟ ਦੇ ਫਰਕ ਵਿਚ ਹੈਟ੍ਰਿਕ ਬਣਾਈ, ਜਿਸ ਨਾਲ ਬਾਰਸੀਲੋਨਾ ਅਲਾਵੇਸ ਨੂੰ 3-0 ਨਾਲ ਹਰਾ ਕੇ ਸਪੈਨਿਸ਼ ਲੀਗ ਫੁੱਟਬਾਲ ਟੂਰਨਾਮੈਂਟ ਲਾ ਲਿਗਾ ਵਿਚ ਕੌਮਾਂਤਰੀ ਬ੍ਰੇਕ ਤੋਂ ਪਹਿਲਾਂ ਚੋਟੀ ’ਤੇ ਪਹੁੰਚ ਗਿਆ।

ਲੇਵਾਂਡੋਵਸਕੀ ਨੇ 7ਵੇਂ, 22ਵੇਂ ਤੇ 32ਵੇਂ ਮਿੰਟ ਵਿਚ ਗੋਲ ਕਰ ਕੇ ਲੀਗ ਵਿਚ 9 ਮੈਚਾਂ ਵਿਚ ਆਪਣੇ ਗੋਲਾਂ ਦੀ ਗਿਣਤੀ 10 ’ਤੇ ਪਹੁੰਚਾ ਦਿੱਤੀ ਹੈ। ਉਹ ਅਜੇ ਤੱਕ ਮੌਜੂਦਾ ਸੈਸ਼ਨ ਵਿਚ ਸਾਰੀਆਂ ਪ੍ਰਤੀਯੋਗਿਤਾਵਾਂ ਵਿਚ 11 ਮੈਚਾਂ ਵਿਚ 12 ਗੋਲ ਕਰ ਚੁੱਕਾ ਹੈ। ਉਸ ਨੇ ਆਪਣੇ ਪਿਛਲੇ 5 ਮੈਚਾਂ ਵਿਚ 8 ਗੋਲ ਕੀਤੇ ਹਨ।

ਪੋਲੈਂਡ ਦੇ ਸਟ੍ਰਾਈਕਰ ਨੇ ਮੰਗਲਵਾਰ ਨੂੰ ਚੈਂਪੀਅਨਜ਼ ਲੀਗ ਵਿਚ ਬਾਰਸੀਲੋਨਾ ਦੀ ਯੰਗ ਬੋਆਏਜ਼ ’ਤੇ 5-0 ਨਾਲ ਜਿੱਤ ਵਿਚ ਵੀ ਦੋ ਗੋਲ ਕੀਤੇ ਸਨ। ਇਸ ਜਿੱਤ ਨਾਲ ਬਾਰਸੀਲੋਨਾ ਦੂਜੇ ਸਥਾਨ ’ਤੇ ਕਾਬਜ਼ ਰੀਅਲ ਮੈਡ੍ਰਿਡ ਤੋਂ 3 ਅੰਕ ਅੱਗੇ ਹੋ ਗਿਆ ਹੈ। ਰੀਅਲ ਮੈਡ੍ਰਿਡ ਸ਼ਨੀਵਾਰ ਨੂੰ ਚੌਥੇ ਸਥਾਨ ’ਤੇ ਮੌਜੂਦ ਵਿਲਾਰੀਆਲ ਨੂੰ 2-0 ਨਾਲ ਹਰਾ ਕੇ ਬਾਰਸੀਲੋਨਾ ਦੀ ਬਰਾਬਰੀ ’ਤੇ ਪਹੁੰਚ ਗਿਆ ਸੀ।

ਇਸ ਵਿਚਾਲੇ ਐਟਲੇਟਿਕੋ ਮੈਡ੍ਰਿਡ ਰਿਆਲ ਸੋਸੀਦਾਦ ਨਾਲ 1-1 ਨਾਲ ਡਰਾਅ ਖੇਡ ਕੇ ਤੀਜੇ ਸਥਾਨ ’ਤੇ ਪਹੁੰਚ ਗਿਆ। ਹੋਰਨਾਂ ਮੈਚਾਂ ਵਿਚ ਡੋਡੀ ਲਿਊਕਬਾਕੀਓ ਨੇ 50ਵੇਂ ਮਿੰਟ ਵਿਚ ਪੈਨਲਟੀ ਕਿੱਕ ਨੂੰ ਗੋਲ ਵਿਚ ਬਦਲ ਕੇ ਸੇਵਿਲਾ ਨੂੰ ਰੀਅਲ ਬੇਟਿਸ ’ਤੇ 1-0 ਨਾਲ ਜਿੱਤ ਦਿਵਾਈ ਜਦਕਿ ਗਿਰੋਨਾ ਨੇ ਐਥਲੈਟਿਕੋ ਬਿਲਬਾਓ ਨੂੰ 2-1 ਨਾਲ ਹਰਾਇਆ।


author

Tarsem Singh

Content Editor

Related News