ਬੰਗਲਾਦੇਸ਼ ਦੇ ਟੀ20 ਕਪਤਾਨ ਨੂੰ ਹੋਇਆ ਕੋਰੋਨਾ
Sunday, Nov 08, 2020 - 01:54 PM (IST)
ਢਾਕਾ : ਬੰਗਲਾਦੇਸ਼ ਦੇ ਟੀ20 ਕਪਤਾਨ ਮਹਮੂਦੁੱਲਾਹ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ। ਉਹ ਪਾਕਿਸਤਾਨ ਸੁਪਰ ਲੀਗ (PSL) ਦੇ ਪਲੇਅ-ਆਫ ਵਿਚ ਨਹੀਂ ਖੇਡ ਪਾਉਣਗੇ। ਸਥਾਨਕ ਮੀਡਿਆ ਨੇ ਇਹ ਦਾਅਵਾ ਕੀਤਾ ਹੈ। 34 ਸਾਲਾ ਮਹਮੂਦੁੱਲਾਹ ਨੂੰ ਐਤਵਾਰ ਰਾਤ ਦੁਬਈ ਹੁੰਦੇ ਹੋਏ ਪਾਕਿਸਤਾਨ ਜਾਣਾ ਸੀ ਪਰ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਉਹ ਇਕਾਂਤਵਾਸ ਵਿਚ ਚਲੇ ਗਏ ਹਨ। ਮਹਮੂਦੁੱਲਾਹ ਦਾ ਬੰਗਬੰਧੂ ਟੀ20 ਕੱਪ ਵਿਚ ਖੇਡਣਾ ਵੀ ਸ਼ੱਕੀ ਹੈ ਜੋ 21 ਜਾਂ 22 ਨਵੰਬਰ ਤੋਂ ਸ਼ੁਰੂ ਹੋਣਾ ਹੈ। ਮਹਮੂਦੁੱਲਾਹ ਦੇ ਜਲਦ ਹੀ ਦੂਜਾ ਟੈਸਟ ਕਰਾਉਣ ਦੀ ਸੰਭਾਵਨਾ ਹੈ।
ਪੀ.ਐਸ.ਐਲ. ਦੀ ਲੀਗ ਸੂਚੀ ਵਿਚ ਸਿਖ਼ਰ 'ਤੇ ਰਹੇ ਮੁਲਤਾਨ ਸੁਲਤਾਂਸ ਨੇ ਮੋਈਨ ਅਲੀ ਦੇ ਬਦਲ ਦੇ ਤੌਰ 'ਤੇ ਮਹਮੂਦੁੱਲਾਹ ਨੂੰ ਟੀਮ ਵਿਚ ਸ਼ਾਮਲ ਕੀਤਾ ਸੀ। ਤਮੀਮ ਇਕਬਾਲ ਨੂੰ ਵੀ ਲਾਹੌਰ ਕਲੰਦਰਸ ਨੇ ਕ੍ਰਿਸ ਲਿਨ ਦੇ ਬਦਲ ਦੇ ਤੌਰ 'ਤੇ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ। ਉਨ੍ਹਾਂ ਦੇ ਮੰਗਲਵਾਰ ਨੂੰ ਪਾਕਿਸਤਾਨ ਲਈ ਰਵਾਨਾ ਹੋਣ ਦੀ ਉਮੀਦ ਹੈ। ਪੀ.ਐਸ.ਐਲ. 2020 ਦੇ ਪਲੇਅ-ਆਫ ਦਾ ਪ੍ਰਬੰਧ ਨਵੰਬਰ ਦੇ ਦੂਜੇ ਜਾਂ ਤੀਜੇ ਹਫ਼ਤੇ ਵਿਚ ਹੋਣ ਦੀ ਉਮੀਦ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਸਾਲ ਦੀ ਸ਼ੁਰੂਆਤ ਵਿਚ ਟੂਰਨਾਮੈਂਟ ਨੂੰ ਵਿਚਾਲੇ ਹੀ ਰੋਕਣਾ ਪਿਆ ਸੀ।