BAN vs PAK : ਲਿਟਨ ਦਾਸ ਦਾ ਸੈਂਕੜਾ, ਬੰਗਲਾਦੇਸ਼ ਦੀ ਪਹਿਲੀ ਪਾਰੀ 330 ''ਤੇ ਸਿਮਟੀ
Saturday, Nov 27, 2021 - 07:22 PM (IST)
ਚਟਗਾਂਵ- ਤੇਜ਼ ਗੇਂਦਬਾਜ਼ ਹਸਨ ਅਲੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 51 ਦੌੜਾਂ 'ਤੇ 5 ਵਿਕਟਾਂ ਲੈ ਕੇ ਬੰਗਲਾਦੇਸ਼ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ਨੀਵਾਰ ਨੂੰ ਪਹਿਲੀ ਪਾਰੀ 'ਚ 330 ਦੌੜਾਂ 'ਤੇ ਸਮੇਟ ਦਿੱਤਾ ਜਦਕਿ ਪਾਕਿਸਤਾਨ ਨੇ ਇਸ ਦੇ ਜਵਾਬ 'ਚ ਸਟੰਪਸ ਤਕ ਬਿਨਾ ਕੋਈ ਵਿਕਟ ਗੁਆਏ 145 ਦੌੜਾਂ ਬਣਾ ਲਈਆਂ ਹਨ ਤੇ ਪਹਿਲੀ ਪਾਰੀ 'ਚ 185 ਦੌੜਾਂ ਪਿੱਛੇ ਹੈ। ਆਬਿਦ ਅਲੀ 180 ਗੇਂਦਾਂ 'ਤੇ 9 ਚੌਕੇ ਤੇ 2 ਛੱਕੇ ਦੀ ਮਦਦ ਨਾਲ 93 ਤੇ ਅਬਦੁੱਲ੍ਹਾ ਸ਼ਫੀਫ 162 ਗੇਂਦਾਂ 'ਚ ਦੋ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ।
ਲਿਟਨ ਦਾਸ ਆਪਣੇ ਕਲ ਦੇ 113 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਦੇ ਹੋਏ 114 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੂੰ ਹਸਨ ਅਲੀ ਨੇ ਐੱਲ. ਬੀ. ਡਬਲਯੂ. ਆਊਟ ਕੀਤਾ। ਦੂਜੇ ਅਜੇਤੂ ਬੱਲੇਬਾਜ਼ ਮੁਸ਼ਫਿਕੁਰ ਰਹੀਮ ਆਪਣੀਆਂ 82 ਦੌੜਾਂ ਦੇ ਸਕੋਰ 'ਚ 9 ਦੌੜਾਂ ਦਾ ਵਾਧਾ ਕਰਨ ਦੇ ਬਾਅਦ 91 ਦੌੜਾਂ ਬਣਾ ਕੇ ਫਹੀਮ ਅਸ਼ਰਫ਼ ਦੀ ਗੇਂਦ 'ਤੇ ਵਿਕਟਕੀਪਰ ਦੇ ਹੱਥੋਂ ਕੈਚ ਦੇ ਬੈਠੇ।
ਮੇਹਦੀ ਹਸਨ ਮਿਰਾਜ ਨੇ 68 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ ਅਜੇਤੂ 39 ਦੌੜਾਂ ਬਣਾ ਕੇ ਟੀਮ ਨੂੰ 330 ਦੌੜਾਂ ਤਕ ਪਹੁੰਚਾਇਆ। ਪਾਕਿਸਤਾਨ ਵਲੋਂ ਹਸਨ ਅਲੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਅੱਜ ਡਿੱਗੀਆਂ 6 ਵਿਕਟਾਂ 'ਚੋਂ ਚਾਰ ਵਿਕਟਾਂ ਝਟਕਾਈਆਂ। ਹਸਨ ਨੇ 51 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ। ਸ਼ਾਹੀਨ ਅਫਰੀਦੀ ਤੇ ਫਹੀਮ ਅਸ਼ਰਫ ਨੂੰ ਦੋ-ਦੋ ਵਿਕਟਾਂ ਮਿਲੀਆਂ ਜਦਕਿ ਸਾਜਿਦ ਖ਼ਾਨ ਨੂੰ 1 ਵਿਕਟ ਮਿਲੀ।