ਟੋਕੀਓ ਓਲੰਪਿਕ: ਬਜਰੰਗ ਪੂਨੀਆ ਸੈਮੀਫਾਈਨਲ ’ਚ ਹਾਰੇ, ਹੁਣ ਕਾਂਸੀ ਲਈ ਲਗਾਉਣਗੇ ਦਮ

08/06/2021 4:25:49 PM

ਟੋਕੀਓ (ਵਾਰਤਾ) : ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਅਤੇ ਟੋਕੀਓ ਓਲੰਪਿਕ ਵਿਚ ਭਾਰਤ ਦੀ ਸੋਨ ਤਮਗੇ ਦੀ ਉਮੀਦ ਪਹਿਲਵਾਨ ਬਜਰੰਗ ਪੁਨੀਆ ਇਥੇ ਸ਼ੁੱਕਰਵਾਰ ਨੂੰ ਟੋਕੀਓ ਓਲੰਪਿਕ ਵਿਚ ਸੈਮੀਫਾਈਨਲ ਮੁਕਾਬਲੇ ਵਿਚ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਅਤੇ 3 ਵਾਰ ਦੇ ਵਿਸ਼ਵ ਚੈਂਪੀਅਨ ਅਜਰਬੈਜਾਨ ਦੇ ਹਾਜੀ ਏਲੀਯੇਵ ਤੋਂ 5-12 ਨਾਲ ਹਾਰ ਗਏ। ਬਜਰੰਗ ਹੁਣ ਕਾਂਸੀ ਤਮਗੇ ਲਈ ਰੇਪੇਚੇਜ ਮੁਕਾਬਲੇ ਦੇ ਜੇਤੂ ਨਾਲ ਖੇਡਣਗੇ। ਉਹ ਜੇਕਰ ਇਸ ਵਿਚ ਜਿੱਤ ਦਰਜ ਕਰਨ ਵਿਚ ਸਫ਼ਲ ਰਹਿੰਦੇ ਹਨ ਤਾਂ ਓਲੰਪਿਕ ਵਿਚ ਇਹ ਭਾਰਤ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਬਰਾਬਰੀ ਹੋਵੇਗੀ। ਸੁਸ਼ੀਲ ਕੁਮਾਰ ਅਤੇ ਯੋਗੇਸ਼ਵਰ ਦੱਤ ਨੇ 2012 ਦੀਆਂ ਲੰਡਨ ਓਲੰਪਿਕ ਖੇਡਾਂ ਵਿਚ ਇਕ ਚਾਂਦੀ ਅਤੇ ਇਕ ਕਾਂਸੀ ਤਮਗਾ ਜਿੱਤਿਆ ਸੀ। ਰਵੀ ਦਹੀਆ ਨੇ ਵੀਰਵਾਰ ਨੂੰ ਟੋਕੀਓ ਓਲੰਪਿਕ ਵਿਚ 57 ਕਿਲੋਗ੍ਰਾਮ ਵਿਚ ਚਾਂਦੀ ਦਾ ਤਮਗਾ ਜਿੱਤਿਆ ਸੀ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ ਤੋਂ ਇਕ ਹੋਰ ਚੰਗੀ ਖ਼ਬਰ, ਭਾਰਤੀ ਪਹਿਲਵਾਨ ਰਵੀ ਦਹੀਆ ਨੇ ਜਿੱਤਿਆ ਚਾਂਦੀ ਤਮਗਾ

ਮੈਚ ਦੀ ਗੱਲ ਕਰੀਏ ਤਾਂ ਏਲੀਯੇਵ ਵਿਰੁੱਧ ਮੁਕਾਬਲੇ ਵਿਚ ਬਜੰਰਗ ਸ਼ੁਰੂਆਤ ਤੋਂ ਹਮਲਾਵਰ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਮੁਕਾਬਲੇ ਦਾ ਪਹਿਲਾ ਅੰਕ ਏਲੀਯੇਵ ਨੂੰ ਪੈਸਿਵਿਟੀ ਸਮੇਂ ਦੀ ਪੈਨਲਟੀ ਮਿਲਣ ਨਾਲ ਹਾਸਲ ਕੀਤਾ ਪਰ ਏਲੀਯੇਵ ਨੇ ਵਾਪਸੀ ਕਰਦੇ ਹੋਏ ਲਗਾਤਾਰ 2-2 ਅੰਕ ਹਾਸਲ ਕੀਤੇ ਅਤੇ ਪਹਿਲੇ ਰਾਊਂਡ ਨੂੰ 4-1 ਦੀ ਬੜ੍ਹਤ ਨਾਲ ਸਮਾਪਤ ਕੀਤਾ। ਏਲੀਯੇਵ ਨੇ ਦੂਜੇ ਰਾਊਂਡ ਵਿਚ ਬਜਰੰਗ ਦੇ ਗਿੱਟਿਆਂ ਨੂੰ ਫੜਿਆ ਅਤੇ ਉਨ੍ਹਾਂ ਨੂੰ 2 ਵਾਰ ਹੇਠਾਂ ਸੁੱਟਦੇ ਹੋਏ 4 ਅੰਕ ਹਾਸਲ ਕੀਤੇ। ਅਲੀਯੇਵ ਕੋਲ ਹੁਣ ਮਜ਼ਬੂਤ ਬੜ੍ਹਤ ਹੋ ਚੁੱਕੀ ਸੀ। ਬਜਰੰਗ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੋਲ ਅਲੀਯੇਵ ਦੀ ਤਕਨੀਕੀ ਮੁਹਾਰਤ ਅਤੇ ਤਾਕਤ ਦਾ ਕੋਈ ਜਵਾਬ ਨਹੀਂ ਸੀ। ਅਲੀਯੇਵ ਨੇ ਅੰਕ ਹਾਸਲ ਕਰਦੇ ਹੋਏ ਇਹ ਮੁਕਾਬਲਾ 12-5 ਨਾਲ ਜਿੱਤ ਲਿਆ ਅਤੇ ਫਾਈਨਲ ਵਿਚ ਪਹੁੰਚ ਗਏ, ਜਿੱਥੇ ਉਨ੍ਹਾਂ ਦਾ ਮੁਕਾਬਲਾ 2018 ਦੇ ਵਿਸ਼ਵ ਚੈਂਪੀਅਨ ਜਾਪਾਨ ਦੇ ਤਾਕੁਤੋ ਆਟੋਗਰੋ ਨਾਲ ਹੋਵੇਗਾ।

ਇਹ ਵੀ ਪੜ੍ਹੋ: ਜਦੋਂ ਜਰਮਨੀ ਦੇ ਹਾਕੀ ਖਿਡਾਰੀਆਂ ਦੇ ਕੰਨਾਂ 'ਚ ਗੂੰਜਦੇ ਰਹੇ 'ਸਿੰਘ.ਸਿੰਘ.ਸਿੰਘ.' ਸ਼ਬਦ

ਇਸ ਤੋਂ ਪਹਿਲਾਂ ਬਜਰੰਗ ਈਰਾਨ ਦੇ ਮੋਤਰੇਜ਼ਾ ਘਿਆਸੀ ਨੂੰ ਹਰਾ ਕੇ ਪੁਰਸ਼ਾਂ ਦੀ ਫ੍ਰੀ ਸਟਾਈਲ 65 ਕਿਲੋਗ੍ਰਾਮ ਵਰਗ ਕੁਸ਼ਤੀ ਦੇ ਸੈਮੀਫਾਈਨਲ ਵਿਚ ਪਹੁੰਚੇ ਸਨ। ਮੁਕਾਬਲੇ ਦੀ ਗੱਲ ਕਰੀਏ ਤਾਂ ਬਜਰੰਗ ਪੂਨੀਆ ਨੇ ਪਹਿਲੇ ਰਾਊਂਡ ਵਿਚ ਡਿਫੈਂਸਿਵ ਖੇਡ ਦਿਖਾਈ। ਮੈਚ ਰੈਫਰੀ ਨੇ ਉਨ੍ਹਾਂ ਖ਼ਿਲਾਫ਼ ਪੈਸੀਵਿਟੀ ਸਮਾਂ (ਅਕਿਰਿਆਸ਼ੀਲ ਰਹਿਣ ਲਈ ਜੁਰਮਾਨਾ) ਸ਼ੁਰੂ ਕੀਤਾ, ਜਿਸ ਦੇ ਚੱਲਦੇ ਮੋਤਰੇਜ਼ਾ ਨੂੰ ਇਕ ਅੰਕ ਜ਼ਰੂਰ ਮਿਲਿਆ ਪਰ ਬਜਰੰਗ ਘਬਰਾਏ ਨਹੀਂ। ਪਹਿਲੇ ਰਾਊਂਡ ਵਿਚ ਬਜਰੰਗ 0-1 ਨਾਲ ਪਛੜਦੇ ਦਿਖੇ, ਹਾਲਾਂਕਿ ਮੁਕਾਬਲੇ ਦੇ ਆਖ਼ਰੀ ਦੇ ਸਮੇਂ ਵਿਚ ਬਜਰੰਗ ਨੇ ਪਹਿਲਾਂ ਇਕ ਅੰਕ ਹਾਸਲ ਕੀਤਾ ਅਤੇ ਫਿਰ ਉਸ ਨੇ ਵਿਰੋਧੀ ਨੂੰ ਚਿੱਤ ਕਰਦੇ ਮੁਕਾਬਲਾ ਜਿੱਤ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅੱਜ ਸਵੇਰੇ ਪ੍ਰੀ ਕੁਆਰਟਰ ਫਾਈਨਲ ਮੁਕਾਬਲੇ ਵਿਚ ਕਿਰਗਿਸਤਾਨ ਦੇ ਅਕਮਾਤਾਲਿਏਵ ਏਰਨਾਜਾਰ ਨੂੰ ਹਰਾਇਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News