ਬਜਰੰਗ ਫਾਈਨਲ 'ਚ, ਸੁਨਹਿਰੀ ਇਤਿਹਾਸ ਤੋਂ ਇਕ ਕਦਮ ਦੂਰ

Sunday, Oct 21, 2018 - 11:23 PM (IST)

ਬਜਰੰਗ ਫਾਈਨਲ 'ਚ, ਸੁਨਹਿਰੀ ਇਤਿਹਾਸ ਤੋਂ ਇਕ ਕਦਮ ਦੂਰ

ਨਵੀਂ ਦਿੱਲੀ- ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਜੇਤੂ ਭਾਰਤ ਦਾ ਬਜਰੰਗ ਪੂਨੀਆ ਐਤਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 65 ਕਿ.ਗ੍ਰਾ. ਫ੍ਰੀ ਸਟਾਈਲ ਵਰਗ ਦੇ ਫਾਈਨਲ 'ਚ ਪਹੁੰਚ ਗਿਆ।
ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਭਾਰਤ ਲਈ ਦੂਜੇ ਸੋਨ ਤਮਗੇ ਦੀ ਸਭ ਤੋਂ ਵੱਡੀ ਉਮੀਦ ਬਜਰੰਗ ਨੇ ਸਭ ਤੋਂ ਪਹਿਲਾਂ ਕੁਆਲੀਫਿਕੇਸ਼ਨ ਰਾਊਂਡ 'ਚ ਮੇਜ਼ਬਾਨ ਹੰਗਰੀ ਦੇ ਰੋਮਨ ਅਸ਼ਰਿਨ ਨੂੰ 9-4 ਨਾਲ ਹਰਾ ਕੇ ਆਪਣਾ ਪਹਿਲਾ ਮੁਕਾਬਲਾ ਜਿੱਤਿਆ।
ਬਜਰੰਗ ਨੇ ਪ੍ਰੀ-ਕੁਆਰਟਰ ਫਾਈਨਲ 'ਚ ਕੋਰੀਆ ਦੇ ਸਯੁੰਗਚੁਲ ਲੀ ਨੂੰ 4-0 ਨਾਲ ਹਰਾਇਆ। ਭਾਰਤੀ ਪਹਿਲਵਾਨ ਨੇ ਫਿਰ ਕੁਆਰਟਰ ਫਾਈਨਲ 'ਚ ਮੰਗੋਲੀਆ ਦੇ ਤੁਲਗਾ ਤੁਮੂਰ ਓਛੀਰ ਨੂੰ 5-3 ਨਾਲ ਹਰਾਇਆ, ਜਦਕਿ  ਉਸ ਨੇ ਸੈਮੀਫਾਈਨਲ 'ਚ ਕਯੂਬਾ ਦੇ ਅਲੇਜਾਂਦ੍ਰੋ ਐਨਰਿਕ ਨੂੰ 4-3 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। ਫਾਈਨਲ ਵਿਚ ਹੁਣ ਬਜਰੰਗ ਦਾ ਮੁਕਾਬਲਾ ਜਾਪਾਨ ਦੇ ਤਾਕੁਤੋ ਓਤੋਗੁਰੋ ਨਾਲ ਸੋਮਵਾਰ ਨੂੰ ਹੋਵੇਗਾ। 
ਭਾਰਤ ਲਈ ਵਿਸ਼ਵ ਚੈਂਪੀਅਨਸ਼ਿਪ ਵਿਚ ਇਕਲੌਤਾ ਸੋਨ ਤਮਗਾ 2 ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ 2010 ਵਿਚ ਮਾਸਕੋ ਵਿਚ ਜਿੱਤਿਆ ਸੀ ਤੇ ਬਜਰੰਗ ਹੁਣ ਸੁਸ਼ੀਲ ਦੀ ਉਪਲੱਬਧੀ ਦੁਹਰਾਉਣ ਤੋਂ ਸਿਰਫ ਇਕ ਕਦਮ ਦੂਰ ਰਹਿ ਗਿਆ। 


Related News