ਭਾਰਤੀ ਬੈਡਮਿੰਟਨ ਐਸੋਸੀਏਸ਼ਨ ਨੇ ਤਮਗਾ ਜੇਤੂਆਂ ਲਈ ਨਕਦ ਇਨਾਮਾਂ ਦਾ ਕੀਤਾ ਐਲਾਨ

09/06/2022 2:53:09 PM

ਨਵੀਂ ਦਿੱਲੀ (ਏਜੰਸੀ)- ਭਾਰਤੀ ਬੈਡਮਿੰਟਨ ਸੰਘ (ਬੀ.ਏ.ਆਈ.) ਨੇ ਮੰਗਲਵਾਰ ਨੂੰ ਰਾਸ਼ਟਰਮੰਡਲ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਤਮਗਾ ਜੇਤੂਆਂ ਲਈ ਲਗਭਗ 1.5 ਕਰੋੜ ਰੁਪਏ ਦੇ ਨਕਦ ਇਨਾਮਾਂ ਦਾ ਐਲਾਨ ਕੀਤਾ ਹੈ। ਭਾਰਤੀ ਬੈਡਮਿੰਟਨ ਦਲ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕੀਤਾ ਸੀ। ਉਸਨੇ ਤਿੰਨ ਸੋਨ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਮਗੇ ਜਿੱਤੇ ਸਨ। ਇਸ ਤੋਂ ਇਲਾਵਾ ਭਾਰਤੀ ਖਿਡਾਰੀਆਂ ਨੇ 2021 ਅਤੇ 2022 ਵਿਸ਼ਵ ਚੈਂਪੀਅਨਸ਼ਿਪ ਵਿੱਚ ਕੁੱਲ ਤਿੰਨ ਤਮਗੇ ਜਿੱਤੇ ਸਨ। ਇਨਾਮੀ ਰਾਸ਼ੀ ਦਾ ਐਲਾਨ ਕਰਦੇ ਹੋਏ ਫੈਡਰੇਸ਼ਨ ਦੇ ਪ੍ਰਧਾਨ ਹਿਮੰਤਾ ਵਿਸ਼ਵ ਸਰਮਾ ਨੇ ਕਿਹਾ, ''ਸਾਡੇ ਬੈਡਮਿੰਟਨ ਖਿਡਾਰੀਆਂ ਨੇ ਲਗਾਤਾਰ ਦੇਸ਼ ਦਾ ਮਾਣ ਵਧਾਇਆ ਹੈ ਅਤੇ ਇਹ ਨਕਦ ਪੁਰਸਕਾਰ ਪਿਛਲੇ ਦੋ ਸਾਲਾਂ ਦੌਰਾਨ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਸਨਮਾਨ ਦੇਣ ਲਈ ਇਕ ਛੋਟੀ ਜਿਹੀ ਕੋਸ਼ਿਸ਼ ਹੈ।'' ਬਰਮਿੰਘਮ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ 10 ਮੈਂਬਰੀ ਮਿਸ਼ਰਤ ਟੀਮ ਨੂੰ ਕੁੱਲ 30 ਲੱਖ ਰੁਪਏ ਯਾਨੀ ਹਰੇਕ ਖਿਡਾਰੀ ਨੂੰ 3 ਲੱਖ ਰੁਪਏ ਮਿਲਣਗੇ, ਜਦੋਂ ਕਿ ਸਪੋਰਟ ਸਟਾਫ ਦੇ 8 ਮੈਂਬਰਾਂ ਵਿਚੋਂ ਹਰੇਕ ਨੂੰ 1.5 ਲੱਖ ਰੁਪਏ ਦਿੱਤੇ ਜਾਣਗੇ।

ਇਹ ਵੀ ਪੜ੍ਹੋ: ਕ੍ਰਿਕਟ ਜਗਤ ਨਾਲ ਜੁੜੀ ਵੱਡੀ ਖ਼ਬਰ: ਸੁਰੇਸ਼ ਰੈਨਾ ਨੇ ਖੇਡ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ

ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਅਤੇ ਮਹਿਲਾ ਸਿੰਗਲਜ਼ ਚੈਂਪੀਅਨ ਲਕਸ਼ਯ ਸੇਨ ਅਤੇ ਪੀਵੀ ਸਿੰਧੂ ਨੂੰ 20-20 ਲੱਖ ਰੁਪਏ ਮਿਲਣਗੇ, ਜਦਕਿ ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਦੀ ਪੁਰਸ਼ ਡਬਲਜ਼ ਜੋੜੀ ਨੂੰ ਬਰਮਿੰਘਮ ਵਿੱਚ ਇਤਿਹਾਸਕ ਸੋਨ ਤਮਗਾ ਜਿੱਤਣ ਲਈ 25 ਲੱਖ ਰੁਪਏ ਦਿੱਤੇ ਜਾਣਗੇ। ਗਾਇਤਰੀ ਗੋਪੀਚੰਦ ਅਤੇ ਤ੍ਰਿਸਾ ਜੌਲੀ ਦੀ ਨੌਜਵਾਨ ਮਹਿਲਾ ਡਬਲਜ਼ ਜੋੜੀ ਨੂੰ ਕਾਂਸੀ ਦਾ ਤਮਗਾ ਜਿੱਤਣ 'ਤੇ 7.5 ਲੱਖ ਰੁਪਏ ਦਿੱਤੇ ਜਾਣਗੇ। ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਵੀ ਬਰਮਿੰਘਮ ਵਿੱਚ ਆਪਣੇ ਪੁਰਸ਼ ਸਿੰਗਲਜ਼ ਕਾਂਸੀ ਲਈ 5 ਲੱਖ ਰੁਪਏ, ਜਦੋਂਕਿ ਸਪੇਨ ਦੇ ਹੁਏਲਵਾ ਵਿੱਚ 2021 BWF ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਣ ਲਈ 10 ਲੱਖ ਰੁਪਏ ਮਿਲਣਗੇ। ਸੇਨ ਨੂੰ ਵਿਸ਼ਵ ਚੈਂਪੀਅਨਸ਼ਿਪ 2021 'ਚ ਕਾਂਸੀ ਦਾ ਤਗਮਾ ਜਿੱਤਣ 'ਤੇ 5 ਲੱਖ ਰੁਪਏ ਦਿੱਤੇ ਜਾਣਗੇ, ਜਦੋਂਕਿ ਚਿਰਾਗ ਅਤੇ ਸਾਤਵਿਕ ਨੂੰ ਪਿਛਲੇ ਮਹੀਨੇ ਟੋਕੀਓ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਮਗਾ ਜਿੱਤਣ 'ਤੇ 7.5 ਲੱਖ ਰੁਪਏ ਮਿਲਣਗੇ।

ਇਹ ਵੀ ਪੜ੍ਹੋ: ਆਲੋਚਨਾ ਕਰਨ ਵਾਲਿਆਂ ਨੂੰ ਹਰਭਜਨ ਸਿੰਘ ਦਾ ਤਿੱਖਾ ਜਵਾਬ, ਅਰਸ਼ਦੀਪ ਨੂੰ ਦੱਸਿਆ 'ਖ਼ਰਾ ਸੋਨਾ'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News