ਬਾਬਰ ਤੇ ਰਿਜ਼ਵਾਨ ਏਸ਼ੀਆ ਕੱਪ ਲਈ ਪਾਕਿਸਤਾਨ ਦੀ ਟੀਮ ’ਚੋਂ ਬਾਹਰ

Monday, Aug 18, 2025 - 01:31 AM (IST)

ਬਾਬਰ ਤੇ ਰਿਜ਼ਵਾਨ ਏਸ਼ੀਆ ਕੱਪ ਲਈ ਪਾਕਿਸਤਾਨ ਦੀ ਟੀਮ ’ਚੋਂ ਬਾਹਰ

ਲਾਹੌਰ (ਭਾਸ਼ਾ)–ਪਾਕਿਸਤਾਨ ਦੇ ਚੋਣਕਾਰਾਂ ਨੇ ਇਸ ਮਹੀਨੇ ਦੇ ਆਖਿਰ ਵਿਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਹੋਣ ਵਾਲੀ ਤਿਕੋਣੀ ਲੜੀ ਤੇ ਉਸ ਤੋਂ ਬਾਅਦ ਏਸ਼ੀਆ ਕੱਪ ਲਈ ਐਤਵਾਰ ਨੂੰ 17 ਮੈਂਬਰੀ ਟੀਮ ਦਾ ਐਲਾਨ ਕੀਤਾ, ਜਿਸ ਵਿਚ ਤਜਰਬੇਕਾਰ ਬੱਲੇਬਾਜ਼ ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਨੂੰ ਜਗ੍ਹਾ ਨਹੀਂ ਦਿੱਤੀ ਗਈ।

ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਆਪਣੀ ਵੈੱਬਸਾਇਟ ’ਤੇ ਟੀਮ ਦਾ ਐਲਾਨ ਕੀਤਾ, ਜਿਸ ਵਿਚ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ, ਮੁਹੰਮਦ ਵਸੀਮ ਤੇ ਖੱਬੇ ਹੱਥ ਦਾ ਗੇਂਦਬਾਜ਼ ਸਲਮਾਨ ਮਿਰਜ਼ਾ ਸ਼ਾਮਲ ਹੈ।

ਏਸ਼ੀਆ ਕੱਪ ਦੀ ਸ਼ੁਰੂਆਤ 9 ਸਤੰਬਰ ਤੋਂ ਯੂ. ਏ. ਈ. ਵਿਚ ਟੀ-20 ਰੂਪ ਵਿਚ ਹੋਵੇਗੀ। ਇਸ ਤੋਂ ਪਹਿਲਾਂ ਅਲੀ ਆਗਾ ਦੀ ਅਗਵਾਈ ਵਾਲੀ ਪਾਕਿਸਤਾਨ ਦੀ ਟੀਮ 29 ਅਗਸਤ ਤੋਂ 7 ਸਤੰਬਰ ਤੱਕ ਸ਼ਾਰਜਾਹ ਵਿਚ ਅਫਗਾਨਿਸਤਾਨ ਤੇ ਮੇਜ਼ਬਾਨ ਯੂ. ਏ. ਈ. ਵਿਰੁੱਧ ਤਿਕੋਣੀ ਲੜੀ ਖੇਡੇਗੀ। ਪਾਕਿਸਤਾਨ ਨੂੰ 8 ਟੀਮਾਂ ਦੇ ਏਸ਼ੀਆ ਕੱਪ ਟੂਰਨਾਮੈਂਟ ਵਿਚ ਪੁਰਾਣੇ ਵਿਰੋਧੀ ਭਾਰਤ ਦੇ ਨਾਲ ਗਰੁੱਪ-ਏ ਵਿਚ ਰੱਖਿਆ ਗਿਆ ਹੈ, ਜਿਸ ਵਿਚ ਯੂ. ਏ. ਈ. ਤੇ ਓਮਾਨ ਵੀ ਸ਼ਾਮਲ ਹਨ। ਇਹ ਟੂਰਨਾਮੈਂਟ 9 ਸਤੰਬਰ ਤੋਂ 28 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ।

ਪਾਕਿਸਤਾਨ ਦੀ ਟੀਮ : ਸਲਮਾਨ ਅਲੀ ਆਗਾ (ਕਪਤਾਨ), ਅਬਰਾਰ ਅਹਿਮਦ, ਫਹੀਮ ਅਸ਼ਰਫ, ਫਖਰ ਜ਼ਮਾਨ, ਹੈਰਿਸ ਰਊਫ, ਹਸਨ ਅਲੀ, ਹਸਨ ਨਵਾਜ਼, ਹੁਸੈਨ ਤਲਤ, ਖੁਸ਼ਦਿਲ ਸ਼ਾਹ, ਮੁਹੰਮਦ ਹੈਰਿਸ (ਵਿਕਟਕੀਪਰ), ਮੁਹੰਮਦ ਨਵਾਜ਼, ਮੁਹੰਮਦ ਵਸੀਮ ਜੂਨੀਅਰ, ਸਾਹਿਬਜ਼ਾਦਾ ਫਰਹਾਨ, ਸਈਮ ਅਯੂਬ, ਸਲਮਾਨ ਮਿਰਜ਼ਾ, ਸ਼ਾਹੀਨ ਸ਼ਾਹ ਅਫਰੀਦੀ, ਸੂਫੀਆਨ ਮੋਕਿਮ।


author

Hardeep Kumar

Content Editor

Related News