ਏਸ਼ੀਆ ਕੱਪ ਲਈ ਸਲਾਮੀ ਬੱਲੇਬਾਜ਼ਾਂ ਦੀ ਚੋਣ ਭਾਰਤ ਲਈ ਬਣੀ ਸਿਰਦਰਦੀ
Saturday, Aug 09, 2025 - 12:14 AM (IST)

ਸਪੋਰਟਸ ਡੈਸਕ–ਟੀਮ ਇੰਡੀਆ ਨੇ ਇੰਗਲੈਂਡ ਦੌਰੇ ’ਤੇ ਟੈਸਟ ਸੀਰੀਜ਼ 2-2 ਨਾਲ ਬਰਾਬਰ ਕਰ ਕੇ ਸ਼ਾਨਦਾਰ ਖੇਡ ਦਾ ਨਮੂਨਾ ਪੇਸ਼ ਕੀਤਾ ਹੈ, ਜਿੱਥੇ ਉਸਦੇ ਸਲਾਮੀ ਬੱਲੇਬਾਜ਼ਾਂ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਪਰ ਹੁਣ ਅਗਲੇ ਮਹੀਨੇ ਤੋਂ ਯੂ. ਏ. ਈ. ਵਿਚ ਹੋਣ ਵਾਲੇ ਏਸ਼ੀਆ ਕੱਪ ਲਈ ਚੋਣਕਾਰਾਂ ਸਾਹਮਣੇ ਇਕ ਨਵੀਂ ਚੁਣੌਤੀ ਆ ਗਈ ਹੈ। ਏਸ਼ੀਆ ਕੱਪ ਟੀ-20 ਰੂਪ ਵਿਚ ਹੋ ਰਿਹਾ ਹੈ ਅਤੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਇਸ ਰੂਪ ਤੋਂ ਸੰਨਿਆਸ ਲੈਣ ਤੋਂ ਬਾਅਦ ਚੋਣਕਾਰਾਂ ਨੂੰ ਉਨ੍ਹਾਂ ਦੇ ਸਥਾਨਾਂ ਨੂੰ ਭਰਨ ਲਈ ਜੱਦੋ-ਜਹਿਦ ਕਰਨ ਦੇ ਨਾਲ-ਨਾਲ ਸਲਾਮੀ ਜੋੜੀ ਦੇ ਰੂਪ ਵਿਚ ਖਿਡਾਰੀਆਂ ਦੀ ਚੋਣ ਕਰਨੀ ਪਵੇਗੀ।
ਏਸ਼ੀਆ ਕੱਪ 2025 ਦਾ 9 ਸਤੰਬਰ ਤੋਂ ਆਗਾਜ਼ ਹੋਵੇਗਾ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਇਸ ਟੂਰਨਾਮੈਂਟ ਲਈ ਟੀਮ ਦਾ ਐਲਾਨ ਇਸ ਮਹੀਨੇ ਦੇ ਅੰਤ ਵਿਚ ਕਰਨਾ ਹੈ। ਭਾਰਤੀ ਟੀਮ ਵਿਚ ਕਈ ਦਾਅਵੇਦਾਰ ਹਨ ਜਿਹੜੇ ਏਸ਼ੀਆ ਕੱਪ ਲਈ ਟੀਮ ਵਿਚ ਆਪਣੀ ਜਗ੍ਹਾ ਦੇ ਦਾਅਵੇਦਾਰ ਹਨ। ਸੂਰਯਕੁਮਾਰ ਯਾਦਵ ਪਿਛਲੇ ਕੁਝ ਸਮੇਂ ਤੋਂ (ਰੋਹਿਤ ਤੇ ਵਿਰਾਟ ਦੇ ਸੰਨਿਆਸ ਤੋਂ ਬਾਅਦ) ਟੀ-20 ਵਿਚ ਭਾਰਤੀ ਟੀਮ ਦੀ ਕਪਤਾਨੀ ਕਰ ਰਿਹਾ ਹੈ ਤੇ ਉਸਦੇ ਅੱਗੇ ਵੀ ਕਪਤਾਨੀ ਕਰਦੇ ਨਜ਼ਰ ਆਉਣ ਦੀ ਸੰਭਾਵਨਾ ਹੈ। ਹੁਣ ਇੱਥੇ ਸਵਾਲ ਹੈ ਕਿ ਟੀਮ ਵਿਚ ਕਿਹੜੇ-ਕਿਹੜੇ ਖਿਡਾਰੀਆਂ ਨੂੰ ਜਗ੍ਹਾ ਮਿਲੇਗੀ। ਖਾਸ ਤੌਰ ’ਤੇ ਓਪਨਿੰਗ ਬੱਲੇਬਾਜ਼ ਕਿਹੜੇ ਹੋਣਗੇ।
ਪਿਛਲੇ ਕੁਝ ਸਮੇਂ ਤੋਂ ਟੀ-20 ਵਿਚ ਓਪਨਿੰਗ ਦੀ ਜ਼ਿੰਮੇਵਾਰੀ ਸੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਨਿਭਾਅ ਰਹੇ ਹਨ ਪਰ ਇੰਗਲੈਂਡ ਦੇ ਦੌਰ ’ਤੇ ਸ਼ੁਭਮਨ ਗਿੱਲ ਤੇ ਯਸ਼ਸਵੀ ਜਾਇਸਵਾਲ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਹ ਵੀ ਸਲਾਮੀ ਬੱਲੇਬਾਜ਼ ਦੇ ਤੌਰ ’ਤੇ ਦਾਅਵਾ ਪੇਸ਼ ਕਰ ਰਹੇ ਹਨ। ਜਾਇਸਵਾਲ ਨੇ ਇੰਗਲੈਂਡ ਵਿਰੁੱਧ ਓਪਨਿੰਗ ਕਰਦੇ ਹੋਏ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਸੀ, ਜਿੱਥੇ ਉਸਦਾ ਜੋੜੀਦਾਰ ਲੋਕੇਸ਼ ਰਾਹੁਲ ਸੀ। ਹਾਲਾਂਕਿ ਰਾਹੁਲ ਦੇ ਮੱਧਕ੍ਰਮ ਵਿਚ ਖੇਡਣ ਦੀ ਆਸ ਹੈ। ਇਨ੍ਹਾਂ ਤੋਂ ਇਲਾਵਾ ਰਿਤੂਰਾਜ ਗਾਇਕਵਾੜ ਵੀ ਓਪਨਿੰਗ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦਾ ਹੈ। ਹਾਲਾਂਕਿ ਉਸਦਾ ਘੱਟ ਹੀ ਚਾਂਸ ਹੈ। ਹੁਣ ਦੇਖਣਾ ਇਹ ਹੈ ਕਿ ਚੋਣਕਾਰ ਏਸ਼ੀਆ ਕੱਪ-2025 ਲਈ ਕਿਹੋ ਜਿਹੀ ਟੀਮ ਦੀ ਚੋਣ ਕਰਦੇ ਹਨ। ਉਨ੍ਹਾਂ ਲਈ ਇਹ ਸੌਖਾਲਾ ਨਹੀਂ ਹੋਵੇਗਾ।