IPL ਨੂੰ ਅਸ਼ਲੀਲ ਤੇ ਜੂਏ ਦਾ ਅੱਡਾ ਕਹਿਣ ਵਾਲੇ ਬਾਬਾ ਰਾਮਦੇਵ ਹੀ ਕਰ ਰਹੇ ਸਪਾਂਸਰ ਕਰਨ ਦੀ ਤਿਆਰੀ
Tuesday, Aug 11, 2020 - 12:41 PM (IST)
ਸਪੋਰਟਸ ਡੈਸਕ– ਆਈ.ਪੀ.ਐੱਲ. ਸੀਜ਼ਨ-13 ਦਾ ਆਯੋਜਨ ਇਸ ਵਾਰ ਦੁਬਈ ’ਚ ਕੀਤਾ ਜਾਵੇਗਾ। ਜਿਸ ਜੀ ਪੁਸ਼ਟੀ ਬੀ.ਸੀ.ਸੀ.ਆਈ. ਦੇ ਏਅਰਮੈਨ ਨੇ ਖੁਦ ਪਿਛਲੇ ਦਿਨੀਂ ਕੀਤੀ ਸੀ। ਹਾਲਾਂਕਿ ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਵੀਵੋ ਕੰਪਨੀ ਨੇ ਆਈ.ਪੀ.ਐੱਲ. ਦੇ ਟਾਈਟਲ ਸਪਾਂਸਰ ਤੋਂ ਹਟਣ ਦਾ ਫੈਸਲਾ ਕੀਤਾ ਸੀ। ਅਜਿਹੇ ’ਚ ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਈ.ਪੀ.ਐੱਲ. 2020 ਦੀ ਸਪਾਂਸਰਸ਼ਿਪ ਲਈ ਬੋਲੀ ਲਗਾਉਣ ’ਤੇ ਵਿਚਾਰ ਕਰ ਰਹੀ ਹੈ।
ਹਾਲਾਂਕਿ, ਇਸ ਵਾਰ ਰਾਮਦੇਵ ਦੀ ਕੰਪਨੀ ਆਈ.ਪੀ.ਐੱਲ. ’ਚ ਕਾਫੀ ਦਿਲਚਸਪੀ ਵਿਖਾ ਰਹੀ ਹੈ ਪਰ ਹਮੇਸ਼ਾ ਅਜਿਹਾ ਨਹੀਂ ਹੈ। ਬਾਬਾ ਰਾਮਦੇਵ ਆਈ.ਪੀ.ਐੱਲ. ਨੂੰ ਭਾਰਤੀ ਸੱਭਿਆਚਾਰ ਦੇ ਖਿਲਾਫ ਦੱਸ ਚੁੱਕੇ ਹਨ। ਰਾਮਦੇਵ ਨੇ ਕਿਹਾ ਸੀ ਕਿ ਚੀਅਰਲੀਡਰਸ ਦੇ ਚਲਦੇ ਇਹ ਖੇਡ ਅਸ਼ਲੀਲ ਹੋ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਦੇਸ਼ ’ਚ ਜੂਆ ਅਤੇ ਸੱਟਾ ਬਾਜ਼ਾਰ ਵਧ ਰਿਹਾ ਹੈ। ਹੁਣ ਬਾਬਾ ਰਾਮਦੇਵ ਅਤੇ ਉਨ੍ਹਾਂ ਦੀ ਕੰਪਨੀ ਦਾ ਆਈ.ਪੀ.ਐੱਲ. ’ਚ ਦਿਲਚਸਪੀ ਵਿਖਾਉਣਾ ਯਾਨੀ ਪਹਿਲਾਂ ਦਿੱਤੇ ਗਏ ਬਿਆਨਾਂ ’ਤੇ ਯੂ-ਟਰਨ ਹੈ। ਦੱਸ ਦੇਈਏ ਕਿ ਪਤੰਜਲੀ ਦੇ ਬੁਲਾਰੇ ਐੱਸ.ਕੇ. ਤਿਜਾਰਾਵਾਲਾ ਨੇ ਸਪਾਂਸਰਸ਼ਿਪ ’ਚ ਸ਼ਾਮਲ ਹੋਣ ਦੀ ਪੁਸ਼ਟੀ ਵੀ ਕੀਤੀ ਹੈ। ਹਾਲਾਂਕਿ, ਕੰਪਨੀ ਵਲੋਂ ਇਸ ’ਤੇ ਅਜੇ ਕੋਈ ਆਖਰੀ ਫੈਸਲਾ ਨਹੀਂ ਲਿਆ ਗਿਆ।