ਬਾਰਟਮੈਨ ਦੀ ਹੈਟ੍ਰਿਕ ਨਾਲ ਪਾਰਲ ਰਾਇਲਜ਼ ਐੱਸ. ਏ 20 ਦੇ ਪਲੇਅ ਆਫ ’ਚ ਪੁੱਜਾ

Saturday, Jan 17, 2026 - 11:58 AM (IST)

ਬਾਰਟਮੈਨ ਦੀ ਹੈਟ੍ਰਿਕ ਨਾਲ ਪਾਰਲ ਰਾਇਲਜ਼ ਐੱਸ. ਏ 20 ਦੇ ਪਲੇਅ ਆਫ ’ਚ ਪੁੱਜਾ

ਸੈਂਚੂਰੀਅਨ– ਓਟਨੇਲ ਬਾਰਟਮੈਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਹੈਟ੍ਰਿਕ ਸਮੇਤ 5 ਵਿਕਟਾਂ ਲਈਆਂ, ਜਿਸ ਨਾਲ ਪਾਰਲ ਰਾਇਲਜ਼ ਨੇ ਪ੍ਰਿਟੋਰੀਆ ਕੈਪੀਟਲਸ ਨੂੰ 6 ਵਿਕਟਾਂ ਨਾਲ ਹਰਾ ਕੇ ਐੱਸ.ਏ. 20 ਕ੍ਰਿਕਟ ਟੂਰਨਾਮੈਂਟ ਦੇ ਪਲੇਅ ਆਫ ਵਿਚ ਜਗ੍ਹਾ ਪੱਕੀ ਕਰ ਲਈ।

ਬਾਰਟਮੈਨ ਨੇ 16 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਿਸ ਨਾਲ ਰਾਇਲਜ਼ ਨੇ ਕੈਪੀਟਲਸ ਨੂੰ 19.1 ਓਵਰਾਂ ਵਿਚ 127 ਦੌੜਾਂ ’ਤੇ ਆਊਟ ਕਰ ਦਿੱਤਾ। ਇਸ ਤੋਂ ਬਾਅਦ ਰਾਇਲਜ਼ ਦੇ ਬੱਲੇਬਾਜ਼ਾਂ ਨੇ 4.5 ਓਵਰ ਬਾਕੀ ਰਹਿੰਦਿਆਂ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ। ਉਸ ਨੇ 15.1 ਓਵਰਾਂ ਵਿਚ 4 ਵਿਕਟਾਂ ’ਤੇ 128 ਦੌੜਾਂ ਬਣਾ ਕੇ ਬੋਨਸ ਅੰਕ ਹਾਸਲ ਕੀਤਾ। ਇਸ ਨਾਲ ਉਹ 21 ਅੰਕ ਲੈ ਕੇ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ।

ਬਾਰਟਮੈਨ ਐੱਸ. ਏ. 20 ਦੇ ਇਤਿਹਾਸ ਵਿਚ ਹੈਟ੍ਰਿਕ ਲੈਣ ਵਾਲਾ ਦੂਜਾ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਪਹਿਲਾਂ ਪ੍ਰਿਟੋਰੀਆ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਲੂੰਗੀ ਇਨਗਿਡੀ ਦੇ ਪਿਛਲੇ ਹਫਤੇ ਹੀ ਕਿੰਗਸਮੀਡ ਵਿਚ ਡਰਬਨ ਸੁਪਰ ਜਾਇੰਟਸ ਵਿਰੁੱਧ ਇਹ ਕਾਰਨਾਮਾ ਕੀਤਾ ਸੀ। ਬਾਰਟਮੈਨ ਨੇ ਆਂਦ੍ਰੇ ਰਸੇਲ, ਲਿਜ਼ਾਦ ਵਿਲੀਅਮਸ ਤੇ ਇਨਗਿਡੀ ਨੂੰ ਆਊਟ ਕਰ ਕੇ ਹੈਟ੍ਰਿਕ ਬਣਾਈ।

ਇਸ ਤੋਂ ਪਹਿਲਾਂ ਉਸ ਨੇ ਕਾਨਰ ਐਸਟਰਹੂਈਜ਼ਨ ਤੇ ਜੌਰਡਨ ਕਾਕਸ ਨੂੰ ਲਗਾਤਾਰ ਗੇਂਦਾਂ ’ਤੇ ਆਊਟ ਕੀਤਾ। ਇਹ 32 ਸਾਲਾ ਗੇਂਦਬਾਜ਼ ਲੀਗ ਵਿਚ ਹੁਣ 57 ਵਿਕਟਾਂ ਲੈ ਚੁੱਕਾ ਹੈ ਜਿਹੜਾ ਇਸ ਟੂਰਨਾਮੈਂਟ ਦਾ ਨਵਾਂ ਰਿਕਾਰਡ ਹੈ। ਉਸ ਨੇ ਮਾਰਕੋ ਜਾਨਸਨ ਨੂੰ ਪਿੱਛੇ ਛੱਡਿਆ।


author

Tarsem Singh

Content Editor

Related News