ਧਰਮਵੀਰ ਨੂੰ ਹਰਾ ਕੇ ਅਜ਼ਹਰ ਬਣੇ WBC ਇੰਡੀਆ ਚੈਂਪੀਅਨ
Monday, Aug 29, 2022 - 05:50 PM (IST)
ਗੁਰੂਗ੍ਰਾਮ (ਏਜੰਸੀ) - ਦਿੱਲੀ ਦੇ ਮੁੱਕੇਬਾਜ਼ ਮੁਹੰਮਦ ਅਜ਼ਹਰ ਵੱਡੇ ਉਲਟਫੇਰ ਵਿਚ ਧਰਮਵੀਰ ਸਿੰਘ ਨੂੰ ਹਰਾ ਕੇ ਸੁਪਰ ਫੇਦਰਵੇਟ ਵਰਗ 'ਚ 'ਡਬਲਯੂ.ਬੀ.ਸੀ. ਇੰਡੀਆ' ਚੈਂਪੀਅਨ ਬਣ ਗਏ ਹਨ। ਸੱਤਵਾਂ ਦਰਜਾ ਪ੍ਰਾਪਤ ਅਜ਼ਹਰ ਨੇ ਐਤਵਾਰ ਨੂੰ ਅੱਠ ਗੇੜ ਦੇ ਮੁਕਾਬਲੇ ਵਿੱਚ ਤੀਜਾ ਦਰਜਾ ਪ੍ਰਾਪਤ ਧਰਮਵੀਰ ਨੂੰ ਸਰਬਸੰਮਤੀ ਫੈਸਲੇ ਨਾਲ ਹਰਾ ਕੇ ਵਿਸ਼ਵ ਮੁੱਕੇਬਾਜ਼ੀ ਕੌਂਸਲ (ਡਬਲਯੂ.ਬੀ.ਸੀ.) ਦਾ ਭਾਰਤੀ ਖ਼ਿਤਾਬ ਜਿੱਤਿਆ।
ਧਰਮਵੀਰ ਨੇ 32 ਮਿੰਟ ਤੱਕ ਚੱਲੇ ਮੁਕਾਬਲੇ 'ਚ ਪਹਿਲਾ ਰਾਉਂਡ ਆਪਣੇ ਨਾਮ ਕੀਤਾ ਸੀ, ਪਰ ਇਸ ਤੋਂ ਬਾਅਦ ਅਜ਼ਹਰ ਨੇ ਇਕਪਾਸੜ ਰੂਪ ਨਾਲ ਸਾਰੇ 7 ਮੁਕਾਬਲੇ ਜਿੱਤ ਲਏ। ਅਜ਼ਹਰ ਨੇ ਹੁਣ ਤੱਕ ਆਪਣੇ ਅਧਿਕਾਰਤ ਕਰੀਅਰ ਵਿੱਚ ਚਾਰ ਨਾਕਆਊਟ ਸਮੇਤ ਪੰਜ ਮੈਚ ਜਿੱਤੇ ਹਨ, ਜਦੋਂ ਕਿ 5 ਵਿਚ ਉਨ੍ਹਾਂ ਨੂੰ ਹਾਰ ਮਿਲੀ ਹੈ। ਉਨ੍ਹਾਂ ਨੇ ਜਿੱਤ ਤੋਂ ਬਾਅਦ ਕਿਹਾ, 'ਮੈਂ ਮੁਕਾਬਲੇ ਵਿਚ ਸਹਿਜ ਸੀ ਅਤੇ ਬੱਸ ਉਹੀ ਕਰ ਰਿਹਾ ਸੀ ਜੋ ਮੈਂ ਬਿਹਤਰ ਕਰ ਸਕਦਾ ਹਾ। ਯੋਜਨਾ ਇਹ ਸੀ ਕਿ ਮੈਂ ਮੁੱਕੇ ਮਾਰਾਂ ਅਤੇ ਉਸ ਦੇ ਮੁੱਕਿਆਂ ਤੋਂ ਬਚਾ। ਉਹ ਆਪਣੀ ਪੂਰੀ ਕੋਸ਼ਿਸ਼ ਨਾਲ ਵੀ ਮੈਨੂੰ ਨਹੀਂ ਮਾਰ ਸਕੇ।'
ਅਜ਼ਹਰ ਨੇ ਕਿਹਾ, 'ਮੇਰੇ ਪਰਿਵਾਰ ਨੂੰ ਲੱਗਦਾ ਹੈ ਕਿ ਮੈਂ ਮੁੱਕੇਬਾਜ਼ੀ 'ਚ ਆਪਣਾ ਸਮਾਂ ਬਰਬਾਦ ਕਰ ਰਿਹਾ ਹਾਂ, ਪਰ ਮੈਂ ਉਨ੍ਹਾਂ ਨੂੰ ਗਲਤ ਸਾਬਤ ਕਰਨਾ ਚਾਹੁੰਦਾ ਹਾਂ ਅਤੇ ਆਪਣੀ ਸ਼੍ਰੇਣੀ 'ਚ ਸਭ ਤੋਂ ਵਧੀਆ ਬਣਨਾ ਚਾਹੁੰਦਾ ਹਾਂ। ਮੈਨੂੰ ਪਤਾ ਹੈ ਕਿ ਅੱਜ ਤੋਂ ਬਾਅਦ ਮੇਰੇ ਲਈ ਬਹੁਤ ਕੁਝ ਬਦਲਣ ਵਾਲਾ ਹੈ।' ਦੂਜੇ ਪਾਸੇ ਧਰਮਵੀਰ ਨੇ ਕਿਹਾ, 'ਮੈਨੂੰ ਲੱਗਾ ਕਿ ਮੁਕਾਬਲਾ ਬਹੁਤ ਕਰੀਬੀ ਸੀ। ਮੈਨੂੰ ਕੁਝ ਬਦਲਾਅ ਕਰਨੇ ਪੈਣਗੇ ਅਤੇ ਮੈਂ ਭਵਿੱਖ ਵਿੱਚ ਦੁਬਾਰਾ ਉਨ੍ਹਾਂ ਦਾ ਸਾਹਮਣਾ ਕਰਾਂਗਾ। ਅੱਜ ਉਨ੍ਹਾਂ (ਰੈਫਰੀ) ਨੇ ਅਜ਼ਹਰ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਪਰ ਮੈਨੂੰ ਉਮੀਦ ਹੈ ਕਿ ਜਦੋਂ ਅਸੀਂ ਦੁਬਾਰਾ ਇੱਕ-ਦੂਜੇ ਦਾ ਸਾਹਮਣਾ ਕਰਾਂਗੇ ਤਾਂ ਅਜਿਹਾ ਨਹੀਂ ਹੋਵੇਗਾ।'