Australian open: ਟੂਰਨਾਮੈਂਟ ਤੋਂ ਪਹਿਲਾਂ ਮਿਲੇ ਕੋਰੋਨਾ ਕੇਸ, 72 ਖਿਡਾਰੀ ਕੁਆਰੰਟੀਨ
Monday, Jan 18, 2021 - 03:54 PM (IST)
ਨਵੀਂ ਦਿੱਲੀ (ਬਿਊਰੋ): ਆਸਟ੍ਰੇਲੀਆਈ ਓਪਨ ਲਈ ਖਿਡਾਰੀਆਂ ਅਤੇ ਸਟਾਫ ਨੂੰ ਲਿਆਉਣ ਵਾਲੇ ਚਾਰਟਰਡ ਜਹਾਜ਼ਾਂ ਵਿਚ ਕੋਰੋਨਾ ਇਨਫੈਕਸ਼ਨ ਦਾ ਇਕ ਹੋਰ ਮਾਮਲਾ ਸਾਹਮਣੇ ਆਉਣ ਦੇ ਬਾਅਦ ਕੁੱਲ 72 ਖਿਡਾਰੀਆਂ ਨੂੰ ਸਖ਼ਤ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਇਸ ਦਾ ਮਤਲਬ ਹੈ ਕਿ 14 ਦਿਨ ਤੱਕ ਉਹ ਹੋਟਲ ਦੇ ਆਪਣੇ ਕਮਰਿਆਂ ਵਿਚੋਂ ਨਿਕਲ ਨਹੀਂ ਸਕਣਗੇ ਅਤੇ ਅਭਿਆਸ ਵੀ ਨਹੀਂ ਕਰ ਪਾਉਣਗੇ। ਇਕਾਂਤਵਾਸ ਵਿਚ ਰਹਿਣ ਮਗਰੋਂ ਖਿਡਾਰੀ ਰੋਜ਼ 5 ਘੰਟੇ ਅਭਿਆਸ ਕਰ ਸਕਣਗੇ।
ਆਸਟ੍ਰੇਲੀਆਈ ਓਪਨ ਦੇ ਆਯੋਜਕਾਂ ਨੇ ਐਤਵਾਰ ਰਾਤ ਪੁਸ਼ਟੀ ਕੀਤੀ ਕਿ ਦੋਹਾ ਤੋਂ ਆਉਣ ਵਾਲੀ ਉਡਾਣ ਵਿਚ ਇਕ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਹੈ। ਭਾਵੇਂਕਿ ਉਹ ਖਿਡਾਰੀਆਂ ਦੇ ਦਲ ਦਾ ਹਿੱਸਾ ਨਹੀਂ ਸੀ। ਹੁਣ ਬਾਕੀ ਸਾਰੇ 58 ਯਾਤਰੀ ਹੋਟਲ ਦੇ ਆਪਣੇ ਕਮਰਿਆਂ ਵਿਚੋਂ 14 ਦਿਨਾਂ ਤੱਕ ਬਾਹਰ ਨਹੀਂ ਆ ਪਾਉਣਗੇ, ਜਿਹਨਾਂ ਵਿਚ 25 ਖਿਡਾਰੀ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ 47 ਖਿਡਾਰੀ ਪਹਿਲਾਂ ਹੀ ਸਖ਼ਤ ਇਕਾਂਤਵਾਸ ਵਿਚ ਹਨ ਜਿਹਨਾਂ ਵਿਚ ਗੈਂਡ ਸਲੈਮ ਜੇਤੂ ਸ਼ਾਮਲ ਹਨ।
ਇਹ ਲਾਸ ਏਂਜਲਸ ਅਤੇ ਆਬੂਧਾਬੀ ਤੋਂ ਆਉਣ ਵਾਲੀਆਂ ਉਡਾਣਾਂ ਵਿਚ ਸਨ, ਜਿਹਨਾਂ ਵਿਚ ਪਾਜ਼ੇਟਿਵ ਮਾਮਲੇ ਪਾਏ ਗਏ। ਖਿਡਾਰੀਆਂ ਨੇ ਸਖ਼ਤ ਪ੍ਰੋਟੋਕਾਲ 'ਤੇ ਇਤਰਾਜ਼ ਜਤਾਇਆ ਪਰ ਸਥਾਨਕ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸਾਰਿਆਂ ਨੂੰ ਪਹਿਲਾਂ ਹੀ ਜੋਖਮ ਦੀ ਚਿਤਾਵਨੀ ਦੇ ਦਿੱਤੀ ਗਈ ਸੀ। ਪ੍ਰੋਟੋਕਾਲ ਤੋੜਨ 'ਤੇ ਸਖ਼ਤ ਜੁਰਮਾਨੇ ਕੀਤੇ ਜਾਣ ਦੀ ਵਿਵਸਥਾ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।