ਆਸਟ੍ਰੇਲੀਅਨ ਓਪਨ :  ਜੋਕੋਵਿਚ ਤੇ ਸਿਤਸਿਪਾਸ ਦਰਮਿਆਨ ਹੋਵੇਗਾ ਖ਼ਿਤਾਬੀ ਮੁਕਾਬਲਾ

01/28/2023 1:19:04 PM

ਮੈਲਬੋਰਨ– ਸਰਬੀਆ ਦੇ ਚੌਥਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੇ ਸ਼ੁੱਕਰਵਾਰ ਨੂੰ ਇੱਥੇ ਗੈਰ ਦਰਜਾ ਪ੍ਰਾਪਤ ਅਮਰੀਕੀ ਖਿਡਾਰੀ ਟਾਮੀ ਪਾਲ ਦੇ ਖ਼ਿਲਾਫ਼ 7-5, 6-1, 6-2 ਦੀ ਜਿੱਤ ਨਾਲ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ, ਜਿਸ ਨਾਲ ਉਹ ਐਤਵਾਰ ਨੂੰ ਤੀਜਾ ਦਰਜਾ ਪ੍ਰਾਪਤ ਸਟੇਫਾਨੋਸ ਸਿਤਸਿਪਾਸ ਦੇ ਸਾਹਮਣੇ ਹੋਵੇਗਾ। ਜੋਕੋਵਿਚ ਇਸ ਤਰ੍ਹਾਂ ਮੈਲਬੋਰਨ ਪਾਰਕ ਵਿਚ 10ਵੀਂ ਚੈਂਪੀਅਨਸ਼ਿਪ ਤੇ 22ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਤੋਂ ਸਿਰਫ ਇਕ ਮੈਚ ਦੂਰ ਹੈ।

ਜੋਕੋਵਿਚ ਸੈਮੀਫਾਈਨਲ ਵਿਚ ਸ਼ੁਰੂ ਵਿਚ ਲੜਖੜਾਇਆ ਪਰ ਉਸ ਨੇ ਆਸਟਰੇਲੀਅਨ ਓਪਨ ਵਿਚ ਲਗਾਤਾਰ ਜਿੱਤਣ ਦੀ ਲੈਅ 27 ਮੈਚ ਕਰ ਲਈ, ਜਿਹੜੀ 1968 ਤੋਂ ਸ਼ੁਰੂ ਓਪਨ ਯੁੱਗ ਵਿਚ ਸਭ ਤੋਂ ਲੰਬੀ ਹੈ। ਹਾਲਾਂਕਿ ਇਸ ਜਿੱਤ ਦੀ ਲੈਅ ਵਿਚ ਇਕ ਸਾਲ ਪਹਿਲਾਂ ਅੜਿੱਕਾ ਪਿਆ ਸੀ ਜਦੋਂ ਜੋਕੋਵਿਚ ਨੂੰ ਕੋਵਿਡ-19 ਟੀਕਾਕਰਨ ਨਾ ਕਰਵਾਉਣ ਦੇ ਕਾਰਨ ਆਸਟਰੇਲੀਆ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਉਸ ਨੇ ਅਜੇ ਤਕ ਟੀਕਾਕਰਣ ਨਹੀਂ ਕਰਵਾਇਆ ਹੈ ਪਰ ਇਸ ਸਾਲ ਵੀਜ਼ਾ ਪਾਬੰਦੀਆਂ ’ਤੇ ਲੱਗੀਆਂ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮੀਤ ਹੇਅਰ ਵੱਲੋਂ ਮੋਹਾਲੀ ਸਥਿਤ ਖੇਡ ਕੰਪਲੈਕਸ 'ਚ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਮੈਸ ਦੀ ਅਚਨਚੇਤੀ ਚੈਕਿੰਗ

ਹੁਣ ਉਹ ਐਤਵਾਰ ਨੂੰ ਸਿਤਸਿਪਾਸ ਦੇ ਸਾਹਮਣੇ ਹੋਵੇਗਾ, ਜਿਸ ਨੇ ਤੀਜੇ ਸੈੱਟ ਵਿਚ ਦੋ ਮੈਚ ਪੁਆਇੰਟ ਗਵਾਉਣ ਤੋਂ ਬਾਅਦ ਚੰਗੀ ਵਾਪਸੀ ਕਰਕੇ ਕਾਰੇਨ ਖਾਚਨੋਵ ਨੂੰ ਚਾਰ ਸੈੱਟਾਂ ਤਕ ਚੱਲੇ ਮੈਚ ਵਿਚ ਹਰਾ ਕੇ ਪਹਿਲੀ ਵਾਰ ਮੈਲਬੋਰਨ ਪਾਰਕ ਦੇ ਫਾਈਨਲ ਵਿਚ ਜਗ੍ਹਾ ਬਣਾਈ। ਸਿਤਸਿਪਾਸ ਨੇ ਇਹ ਮੈਚ ਆਖੀਰ ਵਿਚ 7-6(2), 6-4, 6-7(6), 6-3 ਨਾਲ ਜਿੱਤ ਲਿਆ। ਫਾਈਨਲ ਵਿਚ ਜਿਹੜਾ ਖਿਡਾਰੀ ਜਿੱਤੇਗਾ ਉਹ ਏ. ਟੀ. ਪੀ. ਰੈਂਕਿੰਗ ਵਿਚ ਚੋਟੀ ’ਤੇ ਪਹੁੰਚ ਜਾਵੇਗਾ। ਜੋਕੋਵਿਚ ਦੀ ਇਸ ਚੋਟੀ ਦੇ ਸਥਾਨ ’ਤੇ ਵਾਪਸੀ ਹੋਵੇਗੀ, ਜਿਸ ’ਤੇ ਉਹ ਕਿਸੇ ਹੋਰ ਖਿਡਾਰੀ ਤੋਂ ਵੱਧ ਹਫਤਿਆਂ ਤਕ ਕਾਬਜ਼ ਰਹਿ ਚੁੱਕਾ ਹੈ।

ਸਿਤਸਿਪਾਸ ਜੇਕਰ ਜਿੱਤ ਜਾਂਦਾ ਹੈ ਤਾਂ ਉਹ ਪਹਿਲੇ ਨੰਬਰ ’ਤੇ ਡੈਬਿਊ ਕਰੇਗਾ। ਸਿਤਸਿਪਾਸ ਇਸ ਤੋਂ ਪਹਿਲਾਂ ਆਸਟਰੇਲੀਅਨ ਓਪਨ ਵਿਚ 3 ਵਾਰ ਸੈਮੀਫਾਈਨਲ ਤੋਂ ਅੱਗੇ ਨਹੀਂ ਵੱਧ ਸਕਿਆ ਸੀ। ਉਹ ਆਪਣੇ ਕਰੀਅਰ ਵਿਚ ਦੂਜੀ ਵਾਰ ਕਿਸੇ ਗ੍ਰੈਂਡ ਸਲੈਮ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਪਹੁੰਚਿਆ ਹੈ। ਉੱਥੇ ਹੀ ਜੋਕੋਵਿਚ ਨੇ ਕਦੇ ਵੀ ਮੈਲਬੋਰਨ ਵਿਚ ਸੈਮੀਫਾਈਨਲ ਜਾਂ ਫਾਈਨਲ ਮੈਚ ਨਹੀਂ ਗੁਆਇਆ ਹੈ, ਜਿਸ ਵਿਚ ਉਸਦਾ ਰਿਕਾਰਡ ‘ਪਰਫੈਕਟ’ 19-0 ਹੈ ਤੇ ਉਸਦੇ 9 ਖਿਤਾਬ ਹੀ ਪੁਰਸ਼ ਸਿੰਗਲਜ਼ ਦਾ ਰਿਕਾਰਡ ਹਨ। ਜੇਕਰ ਉਹ ਆਪਣੇ 7 ਵਿੰਬਲਡਨ, 3 ਅਮਰੀਕੀ ਓਪਨ ਤੇ 2 ਫ੍ਰੈਂਚ ਓਪਨ ਵਿਚ ਇਕ ਹੋਰ ਆਸਟਰੇਲੀਅਨ ਓਪਨ ਖਿਤਾਬ ਜੋੜ ਦਿੰਦਾ ਹੈ ਤਾਂ ਉਹ ਸਭ ਤੋਂ ਵੱਧ ਗ੍ਰੈਂਡ ਸਲੈਮ ਟਰਾਫੀਆਂ ਜਿੱਤਣ ਵਾਲੇ ਰਾਫੇਲ ਨਡਾਲ ਦੇ ਰਿਕਰਾਡ (22) ਦੀ ਬਰਾਬਰੀ ਕਰ ਲਵੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News