ਆਸਟਰੇਲੀਅਨ ਓਪਨ : ਖਾਚਾਨੋਵ ਤੇ ਅਜ਼ਾਰੇਂਕਾ ਸੈਮੀਫਾਈਨਲ ’ਚ ਪੁੱਜੇ
Wednesday, Jan 25, 2023 - 01:36 PM (IST)

ਸਪੋਰਟਸ ਡੈਸਕ– ਦੋ ਵਾਰ ਦੀ ਸਾਬਕਾ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਨੇ ਜੇਸਿਕਾ ਪੇਗੁਲਾ ਨੂੰ 6-4, 6-1 ਨਾਲ ਹਰਾ ਕੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਅਜ਼ਾਰੇਂਕਾ ਨੇ 2012 ਤੇ 2013 ਵਿਚ ਖਿਤਾਬ ਜਿੱਤਿਆ ਸੀ। ਹੁਣ 33 ਸਾਲ ਦੀ ਹੋ ਚੁੱਕੀ ਅਜ਼ਾਰੇਂਕਾ ਰਾਡ ਲਾਵੇਰ ਏਰੇਨਾ ਵਿਚ ਆਪਣੇ 7 ਸਾਲ ਦੇ ਬੇਟੇ ਦੀ ਪਸੰਦੀਦਾ ਫੁੱਟਬਾਲ ਟੀਮ ਪੈਰਿਸ ਸੇਂਟ ਜਰਮਨ ਦੀ ਜਰਸੀ ਪਹਿਨ ਕੇ ਆਈ ਸੀ।
ਹੁਣ ਸੈਮੀਫਾਈਨਲ ਵਿਚ ਉਸਦਾ ਸਾਹਮਣਾ ਦੁਨੀਆ ਦੀ 22ਵੇਂ ਨੰਬਰ ਦੀ ਖਿਡਾਰਨ ਵਿੰਬਲਡਨ ਚੈਂਪੀਅਨ ਏਲੇਨਾ ਰਿਬਾਕਿਨਾ ਨਾਲ ਹੋਵੇਗਾ, ਜਿਸ ਨੇ ਫ੍ਰੈਂਚ ਓਪਨ ਚੈਂਪੀਅਨ ਯੇਲੇਨਾ ਓਸਤਾਪੇਂਕੋ ਨੂੰ 6-2, 6-4 ਨਾਲ ਹਰਾ ਕੇ ਪਹਿਲੀ ਵਾਰ ਇੱਥੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਪੁਰਸ਼ ਵਰਗ ਵਿਚ ਸੇਬੇਸਟੀਅਨ ਕੋਰਡਾ ਦੀ ਬਾਂਹ ਵਿਚ ਸੱਟ ਦੇ ਕਾਰਨ ਤੀਜੇ ਸੈੱਟ ਵਿਚ ਕੋਰਟ ਛੱਡਣ ਤੋਂ ਬਾਅਦ 18ਵਾਂ ਦਰਜਾ ਪ੍ਰਾਪਤ ਖਾਚਾਨੋਵ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਖਾਚਾਨੋਵ ਦਾ ਸਾਹਮਣਾ ਹੁਣ ਤੀਜਾ ਦਰਜਾ ਪ੍ਰਾਪਤ ਸਟੇਫਾਨੋਸ ਸਿਤਸਿਪਾਸ ਜਾਂ ਗੈਰ ਦਰਜਾ ਪ੍ਰਾਪਤ ਜਿਰੀ ਲੇਹੇਕਾ ਨਾਲ ਹੋਵੇਗਾ। ਉਹ ਉਸ ਸਮੇਂ 7-6, 6-3, 3-0 ਨਾਲ ਅੱਗੇ ਸੀ ਜਦੋਂ ਕੋਰਡਾ ਨੂੰ ਕੋਰਟ ਛੱਡਣਾ ਪਿਆ। ਤੀਜੇ ਦੌਰ ਵਿਚ ਅਮਰੀਕੀ ਓਪਨ ਚੈਂਪੀਅਨ ਤੇ ਦੋ ਵਾਰ ਦੇ ਆਸਟਰੇਲੀਅਨ ਓਪਨ ਜੇਤੂ ਡੇਨੀਅਲ ਮੇਦਵੇਦੇਵ ਨੂੰ ਹਰਾਉਣ ਵਾਲੇ ਕੋਰਡਾ ਨੂੰ ਦੂਜੇ ਸੈੱਟ ਵਿਚ ਡਾਕਟਰੀ ਸਹਾਇਤਾ ਵੀ ਲੈਣੀ ਪਈ।