ਆਸਟਰੇਲੀਆ-ਵਿੰਡੀਜ਼ ਟੀ-20 ਸੀਰੀਜ਼ ਅਣਮਿੱਥੇ ਸਮੇਂ ਲਈ ਮੁਲਤਵੀ

Tuesday, Aug 04, 2020 - 10:20 PM (IST)

ਮੈਲਬੋਰਨ– ਕ੍ਰਿਕਟ ਆਸਟਰੇਲੀਆ ਨੇ ਵੈਸਟਇੰਡੀਜ਼ ਨਾਲ ਇਸ ਸਾਲ ਅਕਤੂਬਰ ਵਿਚ ਪ੍ਰਸਤਾਵਿਤ 3 ਮੈਚਾਂ ਦੀ ਟੀ-20 ਸੀਰੀਜ਼ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ, ਜਿਸ ਨਾਲ ਆਸਟਰੇਲੀਆਈ ਤੇ ਕੈਰੇਬੀਆਈ ਖਿਡਾਰੀਆਂ ਦੇ ਆਈ. ਪੀ. ਐੱਲ. ਵਿਚ ਪੂਰੀ ਤਰ੍ਹਾਂ ਨਾਲ ਖੇਡਣ ਦਾ ਰਸਤਾ ਸਾਫ ਹੋ ਗਿਆ ਹੈ। ਦੋਵਾਂ ਬੋਰਡਾਂ ਦੀ ਮੰਗਲਵਾਰ ਨੂੰ ਹੋਈ ਗੱਲਬਾਤ ਵਿਚ ਇਹ ਫੈਸਲਾ ਲਿਆ ਗਿਆ। ਆਸਟਰੇਲੀਆ ਤੇ ਵੈਸਟਇੰਡੀਜ਼ ਵਿਚਾਲੇ ਇਸ ਸਾਲ ਅਕਤੂਬਰ ਦੀ ਸ਼ੁਰੂਆਤ ਵਿਚ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਣੀ ਸੀ। ਇਨ੍ਹਾਂ ਮੈਚਾਂ ਦਾ ਆਯੋਜਨ 4, 6 ਤੇ 9 ਅਕਤੂਬਰ ਨੂੰ ਹੋਣਾ ਸੀ।

PunjabKesari
ਆਸਟਰੇਲਆ ਤੇ ਵਿੰਡੀਜ਼ ਵਿਚਾਲੇ ਸੀਰੀਜ਼ ਮੁਲਤਵੀ ਹੋਣ ਦਾ ਸਿੱਧਾ ਫਾਇਦਾ ਆਈ. ਪੀ. ਐੱਲ. ਨੂੰ ਪਹੁੰਚੇਗਾ। ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦਾ ਆਯੋਜਨ 19 ਸਤੰਬਰ ਤੋਂ 10 ਨਵੰਬਰ ਤਕ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਹੋਣਾ ਹੈ। ਆਈ. ਪੀ. ਐੱਲ. ਵਿਚ ਆਸਟਰੇਲੀਆ ਤੇ ਵਿੰਡੀਜ਼ ਦੇ ਜ਼ਿਆਦਾਤਰ ਖਿਡਾਰੀ ਹਿੱਸਾ ਲੈਂਦੇ ਹਨ ਤੇ ਇਹ ਸੰਭਵ ਹੈ ਕਿ ਦੋਵਾਂ ਵਿਚਾਲੇ ਟੀ-20 ਸੀਰੀਜ਼ ਮੁਲਤਵੀ ਕਰਨ ਦਾ ਇਕ ਕਾਰਣ ਇਹ ਵੀ ਹੋ ਸਕਦਾ ਹੈ। ਆਈ. ਪੀ. ਐੱਲ. ਦਾ ਹਾਲਾਂਕਿ ਕਿਸੇ ਵੀ ਦੋ-ਪੱਖੀ ਸੀਰੀਜ਼ ਨਾਲ ਟਕਰਾਅ ਨਹੀਂ ਹੋ ਰਿਹਾ ਹੈ ਪਰ ਸ਼੍ਰੀਲੰਕਾ ਵਿਚ ਹੋਣ ਵਾਲੀ ਪ੍ਰਸਤਾਵਿਤ ਲੰਕਾ ਪ੍ਰੀਮੀਅਰ ਲੀਗ ਦਾ ਆਈ. ਪੀ. ਐੱਲ. ਨਾਲ ਸ਼ੁਰੂਆਤੀ ਟਕਰਾਅ ਹੋ ਸਕਦਾ ਹੈ। ਲੰਕਾ ਪ੍ਰੀਮੀਅਰ ਲੀਗ ਨੂੰ ਅਗਸਤ ਦੇ ਤੀਜੇ ਹਫਤੇ ਦੇ ਸ਼ੁਰੂ ਵਿਚ ਹੋਣਾ ਹੈ ਤੇ ਇਹ 20 ਸਤੰਬਰ ਨੂੰ ਖਤਮ ਹੋਵੇਗੀ।
ਸ਼੍ਰੀਲੰਕਾ ਕ੍ਰਿਕਟ ਦਾ ਹਾਲਾਂਕਿ ਕਹਿਣਾ ਹੈ ਕਿ ਉਹ ਲੰਕਾ ਪ੍ਰੀਮੀਅਰ ਲੀਗ ਦੀਆਂ ਤਾਰੀਕਾਂ ਵਿਚ ਥੋੜ੍ਹਾ ਬਦਲਾਅ ਕਰ ਸਕਦਾ ਹੈ, ਜਿਸ ਨਾਲ ਇਸ ਟੂਰਨਾਮੈਂਟ ਦਾ ਆਈ. ਪੀ. ਐੱਲ. ਨਾਲ ਟਕਰਾਅ ਨਾ ਹੋਵੇ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਦਾ ਲਸਿਥ ਮੰਲਿਗਾ ਮੁੰਬਈ ਇੰਡੀਅਨਜ਼ ਤੇ ਇਸੁਰੂ ਉਡਾਨਾ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡਦੇ ਹਨ ਤੇ ਇਹ ਦੋਵੇਂ ਆਈ. ਪੀ. ਐੱਲ. ਦੇ ਕਰਾਰਬੱਧ ਖਿਡਾਰੀ ਹਨ। ਇਸ ਵਿਚਾਲੇ ਆਸਟਰੇਲੀਆ ਦਾ ਸੀਮਤ ਓਵਰਾਂ ਦਾ ਇੰਗਲੈਂਡ ਦੌਰਾ ਵੀ 15 ਸਤੰਬਰ ਤਕ ਖਤਮ ਹੋਣ ਦੀ ਉਮੀਦ ਹੈ। ਇਸ ਤਰ੍ਹਾਂ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਨੂੰ ਆਈ. ਪੀ. ਐੱਲ. ਵਿਚ ਹਿੱਸਾ ਲੈਣ ਵਿਚ ਕੋਈ ਦਿੱਕਤ ਨਹੀਂ ਹੋਵੇਗੀ ਤੇ ਆਈ. ਪੀ. ਐੱਲ. ਦਾ ਵੀ ਕਿਸੇ ਸੀਰੀਜ਼ ਨਾਲ ਟਕਰਾਅ ਨਹੀਂ ਹੋਵੇਗਾ।


Gurdeep Singh

Content Editor

Related News