IND v AUS : ਦਿਨ-ਰਾਤ ਟੈਸਟ ਦੇ ਤਜਰਬੇਕਾਰ ਆਸਟ੍ਰੇਲੀਆ ਨੂੰ ਚੁਣੌਤੀ ਦੇਵੇਗਾ ਭਾਰਤ

Thursday, Dec 17, 2020 - 01:12 AM (IST)

IND v AUS : ਦਿਨ-ਰਾਤ ਟੈਸਟ ਦੇ ਤਜਰਬੇਕਾਰ ਆਸਟ੍ਰੇਲੀਆ ਨੂੰ ਚੁਣੌਤੀ ਦੇਵੇਗਾ ਭਾਰਤ

ਐਡੀਲੇਡ– ਆਸਟ੍ਰੇਲੀਆਈ ਮੀਡੀਆ ਕਾਰੋਬਾਰੀ ਕੈਰੀ ਪੈਕਰ ਨੇ 1970 ਦੇ ਦਹਾਕੇ ’ਚ ਚੈਨਲ ਨਾਈਨ ’ਤੇ ਆਪਣੀ ਵਿਸ਼ਵ ਸੀਰੀਜ਼ ਦਿਨ-ਰਾਤ ਟੈਸਟ ਮੈਚਾਂ ਨੂੰ ਪ੍ਰੋਮੋਟ ਕਰਦੇ ਹੋਏ ਇਕ ਸ਼ਾਨਦਾਰ ਕੈਪਸ਼ਨ ਦਿੱਤੀ ਸੀ,‘ਬਿਗ ਬੁਆਏਜ਼ ਪਲੇਅ ਐਟ ਨਾਈਟ (ਵੱਡੇ ਖਿਡਾਰੀ ਰਾਤ ਨੂੰ ਖੇਡਦੇ ਹਨ)।’ ਇਸ ਸੀਰੀਜ਼ ਲਈ ਵੀ ਇਹ ਕੈਪਸ਼ਨ ਸ਼ਾਇਦ ਸਭ ਤੋਂ ਢੁੱਕਵੀਂ ਹੈ। ਆਸਟ੍ਰੇਲੀਆ ਵਿਰੁੱਧ ਵੀਰਵਾਰ ਨੂੰ ਗੁਲਾਬੀ ਗੇਂਦ ਨਾਲ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ’ਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਮੇਜ਼ਬਾਨ ਆਸਟ੍ਰੇਲੀਆ ਨੂੰ ਹਰਾਕੇ ਆਪਣਾ ਦਮ ਦਿਖਾਉਣ ਦੇ ਇਰਾਦੇ ਨਾਲ ਉਤਰੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 4 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਵੀਰਵਾਰ ਤੋਂ ਐਡੀਲੇਡ ’ਚ ਖੇਡਿਆ ਜਾਵੇਗਾ। ਪਹਿਲਾ ਮੈਚ ਦਿਨ-ਰਾਤ ਦਾ ਹੈ ਅਤੇ ਇਸ ਨੂੰ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਵਨ ਡੇ ਅਤੇ ਟੀ-20 ਸੀਰੀਜ਼ ਖੇਡੀ ਜਾ ਚੁੱਕੀ ਹੈ। ਵਨ ਡੇ ਸੀਰੀਜ਼ ਆਸਟ੍ਰੇਲੀਆ ਨੇ 2-1 ਨਾਲ ਜਦਕਿ ਟੀ-20 ਸੀਰੀਜ਼ ਭਾਰਤ ਨੇ ਜਿੱਤੀ ਸੀ। ਦਿਨ-ਰਾਤ ਦੇ ਟੈਸਟ ਮੈਚਾਂ ਦੀ ਤਰਜਬੇਕਾਰ ਆਸਟ੍ਰੇਲੀਆ 8ਵੀਂ ਵਾਰ ਗੁਲਾਬੀ ਗੇਂਦ ਨਾਲ ਖੇਡਣ ਉਤਰੇਗੀ ਜਦਕਿ ਭਾਰਤੀ ਟੀਮ ਦਾ ਗੁਲਾਬੀ ਗੇਂਦ ਨਾਲ ਇਹ ਦੂਜਾ ਮੁਕਾਬਲਾ ਹੈ। ਭਾਰਤ ਟੀਮ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਬੰਗਲਾਦੇਸ਼ ਵਿਰੁੱਧ ਗੁਲਾਬੀ ਗੇਂਦ ਨਾਲ ਟੈਸਟ ਮੈਚ ਖੇਡਿਆ ਸੀ। ਹਾਲਾਂਕਿ ਵਿਦੇਸ਼ ਧਰਤੀ ’ਤੇ ਟੀਮ ਇੰਡੀਆ ਦਾ ਗੁਲਾਬੀ ਗੇਂਦ ਨਾਲ ਇਹ ਪਹਿਲਾ ਮੁਕਾਬਲਾ ਹੈ।

ਇਹ ਵੀ ਪੜ੍ਹੋ- ਭਾਰਤ 'ਚ ਹੋਣ ਵਾਲੇ 2023 ਵਨ ਡੇ ਵਿਸ਼ਵ ਕੱਪ ਦੇ ਕੁਆਲੀਫਾਇਰ ਦੀ ਮੇਜ਼ਬਾਨੀ ਕਰੇਗਾ ਜ਼ਿੰਬਾਬਵੇ


ਭਾਰਤ ਨੇ 2018-19 ’ਚ ਆਖਰੀ ਵਾਰ ਆਸਟ੍ਰੇਲੀਆ ਦਾ ਦੌਰਾ ਕੀਤਾ ਸੀ ਅਤੇ 4 ਟੈਸਟ ਮੈਚਾਂ ਦੀ ਲੜੀ 2-1 ਨਾਲ ਜਿੱਤੀ ਸੀ। ਭਾਰਤੀ ਟੀਮ ਨੇ ਆਸਟ੍ਰੇਲੀਆ ਦੇ ਘਰੇਲੂ ਮੈਦਾਨ ’ਤੇ 12 ਲੜੀਆਂ ਖੇਡੀਆਂ ਹਨ ਅਤੇ ਉਸ ਨੂੰ 8 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੋਵਾਂ ਟੀਮਾਂ ਵਿਚਾਲੇ 3 ਲੜੀਆਂ ਡਰਾਅ ਰਹੀਆਂ ਹਨ ਜਦਕਿ ਸਾਲ 2018-19 ’ਚ ਪਹਿਲੀ ਵਾਰ ਭਾਰਤ ਨੇ ਆਸਟ੍ਰੇਲੀਆ ਨੂੰ ਉਸ ਦੀ ਧਰਤੀ ’ਤੇ ਹਰਾਇਆ ਸੀ। ਭਾਰਤੀ ਟੀਮ ਦਾ ਮਨੋਬਲ ਪਿਛਲੇ ਅੰਕੜਿਆਂ ਨੂੰ ਦੇਖਦੇ ਹੋਏ ਵਧੇਗਾ ਪਰ ਪਿਛਲੀ ਵਾਰ ਆਸਟ੍ਰੇਲੀਆਈ ਟੀਮ ’ਚ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਸਟੀਵਨ ਸਮਿਥ ਸ਼ਾਮਲ ਨਹੀਂ ਸਨ। ਡੇਵਿਡ ਵਾਰਨਰ ਹਾਲਾਂਕਿ ਸੱਟ ਕਾਰਣ ਪਹਿਲੇ ਟੈਸਟ ’ਚੋਂ ਬਾਹਰ ਹੈ ਜੋ ਫਿਲਹਾਲ ਭਾਰਤ ਲਈ ਰਾਹਤ ਦੀ ਗੱਲ ਹੈ। ਵਾਰਨਰ ਨੇ ਪਹਿਲੇ 2 ਵਨ ਡੇ ’ਚ ਜ਼ਬਰਦਸਤ ਬੱਲੇਬਾਜ਼ੀ ਕੀਤੀ ਸੀ ਅਤੇ ਭਾਰਤੀ ਗੇਂਦਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਸੀ ਪਰ ਇਸ ਤੋਂ ਬਾਅਦ ਉਹ ਜ਼ਖਮੀ ਹੋ ਗਏ। ਸਮਿਥ ਵੀ ਅਭਿਆਸ ਸੈਸ਼ਨ ਦੌਰਾਨ ਜ਼ਖਮੀ ਹੋ ਗਿਆ ਪਰ ਆਸਟ੍ਰੇਲੀਆਈ ਕਪਤਾਨ ਟਿਮ ਪੇਨ ਅਨੁਸਾਰ ਉਹ ਫਿੱਟ ਹੈ। ਉੱਧਰ ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਅਤੇ ਮਯੰਕ ਅਗਰਵਾਲ ’ਤੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੋਵੇਗੀ। ਰੋਹਿਤ ਸ਼ਰਮਾ ਪਹਿਲੇ ਟੈਸਟ ’ਚ ਨਹੀਂ ਖੇਡ ਸਕੇਗਾ। ਕਪਤਾਨ ਵਿਰਾਟ ’ਤੇ ਵੀ ਵੱਡੀ ਪਾਰੀ ਖੇਡ ਕੇ ਟੀਮ ਨੂੰ ਮਜ਼ਬੂਤ ਸਕੋਰ ’ਤੇ ਲਿਜਾਣ ਦੀ ਜ਼ਿੰਮੇਵਾਰੀ ਹੋਵੇਗੀ। ਵਿਰਾਟ ਇਸ ਮੈਚ ਤੋਂ ਬਾਅਦ ਦੇਸ਼ ਵਾਪਸ ਪਰਤ ਆਏਗਾ। ਵਿਰਾਟ ਨੇ ਆਸਟ੍ਰੇਲੀਆ ’ਚ ਖੇਡੇ ਗਏ 12 ਟੈਸਟ ਮੈਚਾਂ ’ਚ 6 ਸੈਂਕੜੇ ਬਣਾਏ ਹਨ, ਅਜਿਹੇ ’ਚ ਟੀਮ ਨੂੰ ਉਨ੍ਹਾਂ ਤੋਂ ਇਕ ਹੋਰ ਵੱਡੀ ਪਾਰੀ ਦੀ ਉਮੀਦ ਹੋਵੇਗੀ। ਟੀਮ ਦੇ ਸੰਕਟਮੋਚਕ ਕਹੇ ਜਾਣ ਵਾਲੇ ਚੇਤੇਸ਼ਵਰ ਪੁਜਾਰਾ ਵੀ ਇਕ ਵੱਡੀ ਪਾਰੀ ਖੇਡਣਾ ਚਾਹੁਣਗੇ। ਪੁਜਾਰਾ ਨੇ ਪਿਛਲੇ ਆਸਟ੍ਰੇਲੀਆਈ ਦੌਰੇ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ ਸੀ। ਉਸ ਨੇ 4 ਮੈਚਾਂ ’ਚ 521 ਦੌੜਾਂ ਬਣਾਈਆਂ ਸਨ ਅਤੇ 3 ਸੈਂਕੜੇ ਬਣਾਏ ਸਨ। ਮੱਧ ਕ੍ਰਮ ’ਚ ਟੀਮ ਦੇ ਉੱਪ ਕਪਤਾਨ ਅਜਿੰਕਿਆ ਰਹਾਣੇ ਅਤੇ ਹਨੁਮਾ ਵਿਹਾਰੀ ’ਤੇ ਪਾਰੀ ਨੂੰ ਅੱਗੇ ਵਧਾਉਣ ਅਤੇ ਸੰਕਟ ਦੇ ਸਮੇਂ ਜ਼ਿੰਮੇਵਾਰੀ ਨਿਭਾਉਣ ਦੀ ਜ਼ਿੰਮੇਵਾਰੀ ਹੋਵੇਗੀ। ਰਹਾਣੇ ਨੇ ਅਭਿਆਸ ਮੈਚ ’ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਇਸ ਮੈਚ ਲਈ ਟੀਮ ’ਚ ਤਜਰਬੇਕਾਰ ਰਿਧੀਮਾਨ ਸਾਹਾ ਨੂੰ ਵਿਕਟਕੀਪਰ ਦੇ ਰੂਪ ’ਚ ਚੁਣਿਆ ਗਿਆ ਹੈ। ਗੇਂਦਬਾਜ਼ੀ ’ਚ ਇਕ ਵਾਰ ਮੁੜ ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ’ਤੇ ਜ਼ਿੰਮੇਵਾਰੀ ਹੋਵੇਗੀ ਜਦਕਿ ਤੀਜੇ ਗੇਂਦਬਾਜ਼ ਦੇ ਰੂਪ ’ਚ ਉਮੇਸ਼ ਯਾਦਵ ਟੀਮ ਦੇ ਹਮਲੇ ਨੂੰ ਤਿੱਖਾ ਕਰੇਗਾ। ਅਨੁਭਵੀ ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾ ਸੱਟ ਕਾਰਣ ਲੜੀ ’ਚ ਨਹੀਂ ਖੇਡ ਰਿਹਾ। ਸਪਿਨ ਵਿਭਾਗ ਦਾ ਜ਼ਿੰਮਾ ਅਨੁਭਵੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ’ਤੇ ਹੋਵੇਗਾ।

ਟੀਮਾਂ ਇਸ ਤਰ੍ਹਾਂ ਹਨ -ਭਾਰਤ : ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਸ਼ੁਭਮਨ ਗਿੱਲ, ਪ੍ਰਿਥਵੀ ਸ਼ਾਅ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪ ਕਪਤਾਨ), ਹਨੁਮਾ ਵਿਹਾਰੀ, ਰਿਧੀਮਾਨ ਸਾਹਾ ਅਤੇ ਰਿਸ਼ਭ ਪੰਤ (ਦੋਵੇਂ ਵਿਕਟਕੀਪਰ), ਆਰ. ਅਸ਼ਵਿਨ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ, ਨਵਦੀਪ ਸੈਣੀ, ਮੁਹੰਮਦ ਸਿਰਾਜ, ਕੁਲਦੀਪ ਯਾਦਵ।

ਆਸਟ੍ਰੇਲੀਆ : ਟਿਮ ਪੇਨ (ਕਪਤਾਨ ਅਤੇ ਵਿਕਟਕੀਪਰ), ਜੋ ਬਰਨਸ, ਪੈਟ ਕਮਿੰਸ, ਕੈਮਰਨ ਗ੍ਰੀਨ, ਮਾਰਕਸ ਹੈਰਿਸ, ਜੋਸ਼ ਹੇਜਲਵੁੱਡ, ਟ੍ਰੇਵਿਸ ਹੇਡ, ਮੋਈਜਿਸ ਹੈਨਰਿਕਸ, ਮਾਰਨਸ ਲਾਬੁਸ਼ੇਨ, ਨਾਥਨ ਲਿਓਨ, ਮਾਈਕਲ ਨੇਸੇਰ, ਜੇਮਸ ਪੈਟਿਨਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮਿਸ਼ੇਲ ਸਵੇਪਸਨ, ਮੈਥਿਊ ਵੇਡ।

 

ਨੋਟ- IND v AUS : ਦਿਨ-ਰਾਤ ਟੈਸਟ ਦੇ ਤਜਰਬੇਕਾਰ ਆਸਟ੍ਰੇਲੀਆ ਨੂੰ ਚੁਣੌਤੀ ਦੇਵੇਗਾ ਭਾਰਤ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News