ਆਸਟ੍ਰੇਲੀਆ ਨੇ ਪਾਕਿ ’ਤੇ ਕੱਸਿਆ ਸ਼ਿਕੰਜਾ, 300 ਦੌੜਾਂ ਦੀ ਹੋਈ ਕੁਲ ਬੜ੍ਹਤ

Saturday, Dec 16, 2023 - 06:30 PM (IST)

ਆਸਟ੍ਰੇਲੀਆ ਨੇ ਪਾਕਿ ’ਤੇ ਕੱਸਿਆ ਸ਼ਿਕੰਜਾ, 300 ਦੌੜਾਂ ਦੀ ਹੋਈ ਕੁਲ ਬੜ੍ਹਤ

ਪਰਥ– ਆਸਟ੍ਰੇਲੀਆ ਨੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਇੱਥੇ ਪਾਕਿਸਤਾਨ ਨੂੰ ਪਹਿਲੀ ਪਾਰੀ ਵਿਚ ਜਲਦੀ ਸਮੇਟਣ ਦੇ ਬਾਵਜੂਦ ਫਾਲੋਆਨ ਨਾ ਦੇ ਕੇ ਸਟੰਪ ਤਕ ਆਪਣੀ ਕੁਲ ਬੜ੍ਹਤ 300 ਦੌੜਾਂ ਦੀ ਕਰ ਲਈ। ਸਟੀਵ ਸਮਿਥ ਤੇ ਉਸਮਾਨ ਖਵਾਜ਼ਾ ਦੀ ਬਦੌਲਤ ਆਸਟ੍ਰੇਲੀਆ ਨੇ ਦਿਨ ਦੀ ਖੇਡ ਖਤਮ ਹੋਣ ਤਕ ਦੂਜੀ ਪਾਰੀ ਵਿਚ 2 ਵਿਕਟਾਂ ਗੁਆ ਕੇ 84 ਦੌੜਾਂ ਬਣਾ ਲਈਆਂ ਸਨ। ਪਾਕਿਸਤਾਨ ਦੀ ਟੀਮ ਪਹਿਲੀ ਪਾਰੀ ਵਿਚ 271 ਦੌੜਾਂ ’ਤੇ ਸਿਮਟ ਗਈ, ਜਿਸ ਨਾਲ ਉਹ ਆਸਟ੍ਰੇਲੀਆ ਤੋਂ 216 ਦੌੜਾਂ ਨਾਲ ਪਿੱਛੇ ਸੀ ਪਰ ਆਸਟ੍ਰੇਲੀਆ ਨੇ ਫਾਲੋਆਨ ਨਾ ਦੇ ਕੇ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਸਮਿਥ 43 ਤੇ ਖਵਾਜ਼ਾ 34 ਦੌੜਾਂ ਬਣਾ ਕੇ ਖੇਡ ਰਹੇ ਹਨ। ਦਿਨ ਦੇ ਅੰਤ ਵਿਚ ਸ਼ਾਹੀਨ ਸ਼ਾਹ ਅਫਰੀਦੀ ਦੀ ਗੇਂਦ ਮੋਡੇ ’ਚ ਲੱਗਣ ਤੋਂ ਬਾਅਦ ਸਮਿਥ ਨੂੰ ਮੈਦਾਨ ’ਤੇ ਇਲਾਜ ਵੀ ਕਰਵਾਉਣਾ ਪਿਆ।
ਪਹਿਲੀ ਪਾਰੀ ਵਿਚ ਸੈਂਕੜਾ ਲਾਉਣ ਵਾਲੇ ਡੇਵਿਡ ਵਾਰਨਰ ਤੇ ਮਾਰਨਸ ਲਾਬੂਸ਼ੇਨ ਦੋਵੇਂ ਹੀ ਡੈਬਿਊ ਕਰ ਰਹੇ ਤੇਜ਼ ਗੇਂਦਬਾਜ਼ ਖੁਰਮ ਸ਼ਹਿਜਾਦ ਦੇ ਸ਼ਾਨਦਾਰ ਸ਼ੁਰੂਆਤੀ ਸਪੈੱਲ ਵਿਚ ਆਊਟ ਹੋ ਗਏ, ਜਿਸ ਨਾਲ ਆਸਟ੍ਰੇਲੀਆ ਨੇ ਆਖਰੀ ਸੈਸ਼ਨ ਦੇ ਸ਼ੁਰੂ ਵਿਚ 5 ਦੌੜਾਂ ’ਤੇ 2 ਵਿਕਟਾਂ ਗੁਆ ਦਿੱਤੀਆਂ ਸਨ। ਵਾਰਨਰ ਖਾਤਾ ਵੀ ਨਹੀਂ ਖੋਲ੍ਹ ਸਕਿਆ ਤੇ ਸ਼ਹਿਜ਼ਾਦ ਦੀ ਸ਼ਾਰਟ ਪਿੱਚ ਗੇਂਦ ’ਤੇ ਮਿਡ ਵਿਕਟ ’ਤੇ ਕੈਚ ਦੇ ਕੇ ਆਊਟ ਹੋਇਆ ਜਦਿਕ ਕੁਝ ਦੇਰ ਬਾਅਦ ਇਸ ਤੇਜ਼ ਗੇਂਦਬਾਜ਼ ਦੀ ਗੇਂਦ ਲਾਬੂਸ਼ੇਨ ਦੇ ਬੱਲੇ ਦਾ ਕਿਨਾਰਾ ਲੈ ਕੇ ਵਿਕਟਕੀਪਰ ਦੇ ਹੱਥਾਂ ਵਿਚ ਚਲੀ ਗਈ, ਜਿਸ ਤੋਂ ਬਾਅਦ ਸਮਿਥ ਤੇ ਖਵਾਜ਼ਾ ਨੇ ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਵਿਰੁੱਧ ਚੌਕਸ ਹੋ ਕੇ ਬੱਲੇਬਾਜ਼ੀ ਕੀਤੀ ਤੇ ਘਰੇਲੂ ਟੀਮ ਨੂੰ ਤਿੰਨ ਮੈਮਚਾਂ ਦੀ ਲੜੀ ਦੇ ਸ਼ੁਰੂਆਤੀ ਟੈਸਟ ਵਿਚ ਸ਼ਿਕੰਜਾ ਕੱਸਣ ਵਿਚ ਮਦਦ ਕੀਤੀ।

ਇਹ ਵੀ ਪੜ੍ਹੋ-ਵਿਸ਼ਵ ਕੱਪ 'ਚ ਮੇਸੀ ਦੀਆਂ ਪਹਿਨੀਆਂ ਛੇ ਜਰਸੀਆਂ 7.8 ਮਿਲੀਅਨ ਡਾਲਰ 'ਚ ਵਿਕੀਆਂ
ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਮਿਸ਼ੇਲ ਸਟਾਰਕ, ਕਪਤਾਨ ਪੈਟ ਕਮਿੰਸ ਤੇ ਜੋਸ਼ ਹੇਜ਼ਲਵੁਡ ਨੇ ਆਫ ਸਪਿਨਰ ਨਾਥਨ ਲਿਓਨ ਦੇ ਨਾਲ ਮਿਲ ਕੇ ਪਹਿਲੇ ਦੋ ਸੈਸ਼ਨਾਂ ਵਿਚ ਪਾਕਿਸਤਾਨ ਦੀ ਪਹਿਲੀ ਪਾਰੀ ਨੂੰ ਸਮੇਟ ਦਿੱਤਾ। ਲਿਓਨ ਨੇ 66 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਨਾਲ ਉਹ 500 ਟੈਸਟ ਵਿਕਟਾਂ ਤੋਂ ਸਿਰਫ ਇਕ ਵਿਕਟ ਦੂਰ ਹੈ। ਆਲਰਾਊਂਡਰ ਮਿਸ਼ੇਲ ਮਾਰਸ਼ ਨੇ ਪਹਿਲੇ ਸੈਸ਼ਨ ਵਿਚ ਬਾਬਰ ਆਜ਼ਮ ਦਾ ਕੀਮਤੀ ਵਿਕਟ ਲਿਆ, ਜਿਸ ਤੋਂ ਬਾਅਦ ਪਾਕਿਸਤਾਨ ਦੀ ਬੱਲੇਬਾਜ਼ੀ ਲੜਖੜਾ ਗਈ। ਆਸਟ੍ਰੇਲੀਆ ਨੇ 
ਆਪਣੀ ਪਹਿਲੀ ਪਾਰੀ ਵਿਚ 487 ਦੌੜਾਂ ਬਣਾਈਆਂ ਸਨ।
ਪਾਕਿਸਤਾਨ ਨੇ ਸਵੇਰੇ 2 ਵਿਕਟਾਂ ’ਤੇ 132 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਉਸ ਨੇ ਕਮਿੰਸ (35 ਦੌੜਾਂ ਦੇ ਕੇ 2 ਵਿਕਟਾਂ) ਦੇ ਪਹਿਲੇ ਓਵਰ ਵਿਚ ਹੀ ਨਾਈਟ ਵਾਚਮੈਨ ਖੁਰਮ ਸ਼ਹਿਜ਼ਾਦ (7) ਦੀ ਵਿਕਟ ਗੁਆ ਦਿੱਤੀ। ਇਸ ਤੋਂ ਬਾਅਦ ਬਾਬਰ ਤੇ ਇਮਾਮ ਉਲ ਹੱਕ ਨੇ ਜ਼ਿੰਮੇਵਾਰੀ ਸੰਭਾਲੀ। ਜਦੋਂ ਲੱਗ ਰਿਹਾ ਸੀ ਕਿ ਬਾਬਰ ਤੇ ਇਮਾਮ ਪਹਿਲੇ ਸੈਸ਼ਨ ਵਿਚ ਆਸਟ੍ਰੇਲੀਆ ਨੂੰ ਅੱਗੇ ਕੋਈ ਹੋਰ ਸਫਲਤਾ ਹਾਸਲ ਨਹੀਂ ਕਰਨ ਦੇਣਗੇ ਤਦ ਮਾਰਸ਼ (34 ਦੌੜਾਂ ਦੇ ਕੇ 1 ਵਿਕਟ) ਨੇ ਆਪਣਾ ਕਮਾਲ ਦਿਖਾਇਆ। ਉਸ ਨੇ ਬਾਬਰ (21) ਨੂੰ ਵਿਕਟਕੀਪਰ ਦੇ ਹੱਥੋਂ ਕੈਚ ਕਰਵਾ ਕੇ ਇਮਾਮ ਦੇ ਨਾਲ ਉਸਦੀ 17 ਓਵਰਾਂ ਵਿਚ ਨਿਭਾਈ ਗਈ 48 ਦੌੜਾਂ ਦੀ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਬਾਅਦ ਵਿਕਟਾਂ ਦਾ ਪਤਨ ਸ਼ੁਰੂ ਹੋਇਆ। ਆਫ ਸਪਿਨਰ ਲਿਓਨ ਨੇ ਇਮਾਮ ਨੂੰ ਐਲਕਸ ਕੈਰੀ ਦੇ ਹੱਥੋਂ ਸਟੰਪ ਆਊਟ ਕਰਵਾ ਕੇ ਉਸਦੀ 199 ਗੇਂਦਾਂ ’ਤੇ ਖੇਡੀ ਗਈ 62 ਦੌੜਾਂ ਦੀ ਪਾਰੀ ਦਾ ਅੰਤ ਕੀਤਾ। ਇਮਾਮ ਦਾ ਟੈਸਟ ਕ੍ਰਿਕਟ ਵਿਚ ਇਹ 9ਵਾਂ ਅਰਧ ਸੈਂਕੜਾ ਸੀ। ਤੇਜ਼ ਗੇਂਦਬਾਜ਼ ਸਟਾਰਕ (68 ਦੌੜਾਂ ਦੇ ਕੇ 2 ਵਿਕਟਾਂ) ਨੇ ਇਸ ਤੋਂ ਬਾਅਦ ਸਰਫਰਾਜ਼ ਅਹਿਮਦ (3) ਨੂੰ ਬੋਲਡ ਕਰਕੇ ਪਾਰੀ ਵਿਚ ਆਪਣਾ ਦੂਜੀ ਵਿਕਟ ਲਈ।

ਇਹ ਵੀ ਪੜ੍ਹੋ- ਮਾਰਸ਼ ਸੈਂਕੜੇ ਤੋਂ ਖੁੰਝੇ, ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ ਬਣਾਈਆਂ 487 ਦੌੜਾਂ
ਪਾਕਿਸਤਾਨ ਨੇ 14 ਦੌੜਾਂ ਦੇ ਅੰਦਰ 3 ਵਿਕਟਾਂ ਗੁਆ ਦਿੱਤੀਆਂ ਸਨ ਤੇ ਲੰਚ ਦੇ ਸਮੇਂ ਉਸਦਾ ਸਕਰ 6 ਵਿਕਟਾਂ ’ਤੇ 203 ਦੌੜਾਂ ਸੀ। ਲੰਚ ਤੋਂ ਬਾਅਦ ਸਈਅਦ ਸ਼ਕੀਲ (28) ਹੇਜ਼ਲਵੁਡ ਦੇ ਬਾਊਂਸਰ ’ਤੇ ਸਲਿਪ ਵਿਚ ਖੜ੍ਹੇ ਵਾਰਨਰ ਨੂੰ ਆਸਾਨ ਕੈਚ ਦੇ ਬੈਠਾ ਤੇ ਫਹੀਮ ਅਸ਼ਰਫ (9) ਨੂੰ ਖਵਾਜ਼ਾ ਨੇ ਆਊਟ ਕੀਤਾ। ਲਿਓਨ ਨੇ ਫਿਰ ਆਮੇਰ ਜਮਾਲ (10) ਨੂੰ ਵਿਕਟਕੀਪਰ ਦੇ ਹੱਥੋਂ ਸਟੰਪ ਆਊਟ ਕਰਵਾਇਆ ਤੇ ਟ੍ਰੈਵਿਸ ਹੈੱਡ ਨੇ 11ਵੇਂ ਨੰਬਰ ਦੇ ਬੱਲੇਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੂੰ ਮਿਡ ਆਨ ’ਤੇ ਖਵਾਜ਼ਾ ਦੇ ਹੱਥੋਂ ਆਸਾਨ ਕੈਚ ਆਊਟ ਕਰਵਾ ਕੇ ਪਾਰੀ ਖਤਮ ਕੀਤੀ। 
ਆਗਾ ਸਲਮਾਨ 28 ਦੌੜਾਂ ਬਣਾ ਕੇ ਅਜੇਤੂ ਰਿਹਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News